Nabaz-e-punjab.com

ਵਿਕਾਸ ਕੰਮਾਂ ਦੇ ਟੈਂਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਅਕਾਲੀ-ਭਾਜਪਾ ਕੌਂਸਲਰਾਂ ਵੱਲੋਂ ਕਮਿਸ਼ਨਰ ਨਾਲ ਮੁਲਾਕਾਤ

ਕਾਬਜ਼ ਧਿਰ ਦੇ ਕੌਂਸਲਰਾਂ ਨੇ ਦਿੱਤੀ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ

ਸਿਆਸੀ ਬਦਲਾਖ਼ੋਰੀ ਦੇ ਚੱਲਦਿਆਂ ਟੈਂਡਰ ਨਾ ਖੋਲ੍ਹਣ ਦਾ ਲਾਇਆ ਦੋਸ਼, ਸ਼ਹਿਰ ਵਿੱਚ ਵਿਕਾਸ ਕੰਮ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਮੁਹਾਲੀ ਨਗਰ ਨਿਗਮ ਵੱਲੋਂ ਲੋਕ ਹਿੱਤ ਵਿੱਚ ਵੱਖ-ਵੱਖ ਸੈਕਟਰਾਂ ਅਤੇ ਫੇਜ਼ਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਪਾਸ ਕੀਤੇ ਗਏ ਸੀ ਪ੍ਰੰਤੂ ਹੁਣ ਜਾਣਬੁੱਝ ਕੇ ਇਨ੍ਹਾਂ ਕੰਮਾਂ ਦੇ ਟੈਂਡਰ ਨਹੀਂ ਖੋਲ੍ਹੇ ਜਾ ਰਹੇ ਹਨ। ਜਿਸ ਕਾਰਨ ਸ਼ਹਿਰ ਵਿੱਚ ਵਿਕਾਸ ਕੰਮ ਰੁਕੇ ਹੋਏ ਹਨ। ਅਕਾਲੀ ਦਲ ਤੇ ਭਾਜਪਾ ਦੇ ਕੌਂਸਲਰਾਂ ਨੇ ਮੁਹਾਲੀ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨਾਲ ਮੁਲਾਕਾਤ ਕਰਕੇ ਵਿਕਾਸ ਕਾਰਜਾਂ ਸਬੰਧੀ ਟੈਂਡਰ ਛੇਤੀ ਖੋਲ੍ਹੇ ਜਾਣ ਦੀ ਮੰਗ ਕੀਤੀ ਤਾਂ ਜੋ ਸਬੰਧਤ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਅਤੇ ਹਰਪਾਲ ਸਿੰਘ ਚੰਨਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨਾਲ ਸਬੰਧਤ ਟੈਂਡਰ ਕਾਫੀ ਸਮੇਂ ਤੋਂ ਲਮਕ ਬਸਤੇ ਵਿੱਚ ਪਏ ਹਨ ਅਤੇ ਇਨ੍ਹਾਂ ਨੂੰ ਖੋਲ੍ਹਿਆ ਨਹੀਂ ਜਾ ਰਿਹਾ। ਜਿਸ ਕਾਰਨ ਸ਼ਹਿਰ ਦੇ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਨੇ ਕੌਂਸਲਰਾਂ ਨੂੰ ਇਸ ਸਬੰਧੀ ਛੇਤੀ ਹੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ। ਕੌਂਸਲਰਾਂ ਨੇ ਦੋਸ਼ ਲਾਇਆ ਕਿ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਵਿਕਾਸ ਕੰਮਾਂ ਦੇ ਟੈਂਡਰ ਨਹੀਂ ਖੋਲ੍ਹੇ ਜਾ ਰਹੇ ਹਨ ਤਾਂ ਜੋ ਸ਼ਹਿਰ ਦੇ ਵਿਕਾਸ ਦਾ ਸਿਹਰਾ ਮੇਅਰ ਧੜੇ ਨੂੰ ਨਾ ਮਿਲ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਫ਼ਤੇ ਤੱਕ ਟੈਂਡਰ ਨਹੀਂ ਖੋਲ੍ਹੇ ਗਏ ਤਾਂ ਕਾਬਜ਼ ਧਿਰ ਦੇ ਕੌਂਸਲਰਾਂ ਵੱਲੋਂ ਸ਼ਹਿਰ ਦੀਆਂ ਸਮੂਹ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਕਮਿਸ਼ਨਰ ਨਾਲ ਮੁਲਾਕਾਤ ਕਰਨ ਵਾਲੇ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਅਕਾਲੀ ਕੌਂਸਲਰਾਂ ਵਿੱਚ ਫੂਲਰਾਜ ਸਿੰਘ, ਸਤਵੀਰ ਸਿੰਘ ਧਨੋਆ, ਸੁਖਦੇਵ ਸਿੰਘ ਪਟਵਾਰੀ, ਕਮਲਜੀਤ ਸਿੰਘ ਰੂਬੀ, ਸੁਰਿੰਦਰ ਸਿੰਘ ਰੋਡਾ, ਪਰਵਿੰਦਰ ਸਿੰਘ ਤਸਿੰਬਲੀ, ਪਰਮਜੀਤ ਕਾਹਲੋਂ, ਉਪਿੰਦਰਪ੍ਰੀਤ ਕੌਰ ਗਿੱਲ, ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਕਮਲਜੀਤ ਕੌਰ ਅਤੇ ਰਜਨੀ ਗੋਇਲ ਅਤੇ ਭਾਜਪਾ ਕੌਂਸਲਰ ਅਸ਼ੋਕ ਝਾਅ ਤੇ ਪ੍ਰਕਾਸ਼ਵਤੀ ਅਤੇ ਰਮੇਸ਼ ਵਰਮਾ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਅਰੁਣ ਗੋਇਲ ਅਤੇ ਹਰਮੇਸ਼ ਸਿੰਘ ਕੁੰਭੜਾ ਸ਼ਾਮਲ ਹਨ।
(ਬਾਕਸ ਆਈਟਮ)
ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਨਗਰ ਨਿਗਮ ਨੂੰ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਸਥਿਤ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਕਰਨ ਅਤੇ ਮੁੜ ਉਸਾਰੀ ਲਈ ਪਾਸ ਕੀਤੇ 43.92 ਲੱਖ ਰੁਪਏ ਵਿਕਾਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨਗਰ ਨਿਗਮ ਦੀ ਅਗਸਤ ਵਿੱਚ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਤਿੰਨ ਸਰਕਾਰੀ ਸਕੂਲਾਂ (ਫੇਜ਼-3ਬੀ1, ਫੇਜ਼-5 ਅਤੇ ਫੇਜ਼-7 ਦੇ ਸਰਕਾਰੀ ਐਲੀਮੈਂਟਰੀ ਸਕੂਲਾਂ) ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਕਰਵਾਉਣ ਲਈ 43.92 ਲੱਖ ਰੁਪਏ ਦਾ ਮਤਾ ਪਾਸ ਕੀਤਾ ਗਿਆ ਸੀ ਪ੍ਰੰਤੂ ਸਥਾਨਕ ਸਰਕਾਰ ਵਿਭਾਗ ਵੱਲੋਂ ਇਸ ਦੀ ਪ੍ਰਵਾਨਗੀ ਨਾ ਹੋਣ ਕਾਰਨ ਇਹ ਕੰਮ ਅੱਧ ਵਿਚਾਲੇ ਰੁੱਕਿਆ ਹੋਇਆ ਸੀ।

Load More Related Articles
Load More By Nabaz-e-Punjab
Load More In General News

Check Also

Punjab Govt To Spend ₹426-Cr On Upgradation And Modernization Of Police Infra: DGP Punjab

Punjab Govt To Spend ₹426-Cr On Upgradation And Modernization Of Police Infra: DGP Punjab …