ਬਰਗਾੜੀ ਮੋਰਚੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਸੌੜੀ ਰਾਜਨੀਤੀ: ਬੀਰਦਵਿੰਦਰ

ਐਸਜੀਪੀਸੀ ਦੇ ਨੁਮਾਇੰਦੇ ਇਤਿਹਾਸ ਕਮੇਟੀ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਨਾਲ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ
ਵਿਵਾਦਿਤ ਕਿਤਾਬ ਵਿੱਚ ਤਰੁੱਟੀਆਂ ਲਈ ਸਿੱਖ ਵਿਦਵਾਨਾਂ ਦੀ ਛੇ ਮੈਂਬਰੀ ਕਮੇਟੀ ਸਮੁੱਚੇ ਰੂਪ ਵਿੱਚ ਜ਼ਿੰਮੇਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਦਿੱਤੇ ਰੋਸ ਧਰਨੇ ’ਤੇ ਟਿੱਪਣੀ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜੂਨੀਅਰ ਬਾਦਲ ਬਾਰ੍ਹਵੀਂ ਦੀ ਕਿਤਾਬ ਵਿੱਚ ਗਲਤੀਆਂ ਲੱਭਣ ਤੋਂ ਪਹਿਲਾਂ ਆਪਣੇ ਰਾਜ ਵਿੱਚ ਵੱਡੇ ਪੱਧਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋ ਕੇ ਜਵਾਬ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਬਰਗਾੜੀ ਮੋਰਚੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਕਾਲੀ ਦਲ ਸੌੜੀ ਰਾਜਨੀਤੀ ਕਰ ਰਿਹਾ ਹੈ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਬਰਗਾੜੀ ਇਨਸਾਫ਼ ਮੋਰਚੇ ਦੀ ਚੜ੍ਹਤ ਕਾਰਨ ਧਾਰਮਿਕ ਅਤੇ ਸਿਆਸੀ ਤੌਰ ’ਤੇ ਹਾਸ਼ੀਏ ਵਿੱਚ ਪਹੁੰਚ ਚੁੱਕਾ ਬਾਦਲ ਪਰਿਵਾਰ ਅਤੇ ਅਕਾਲੀ ਦਲ ਹੁਣ ਆਪਣੀ ਗੁਆਚੀ ਸਾਖ ਲੱਭਣ ਲਈ ਅੱਕੀਂ-ਪਲਾਹੀਂ ਹੱਥ ਮਾਰ ਰਹੇ ਹਨ ਅਤੇ ਸਿੱਖ ਸੰਗਤ ਦਾ ਧਿਆਨ ਭਟਕਾਉਣ ਲਈ ਨਿੱਤ ਨਵੇਂ ਪਖੰਡ ਤੇ ਅਡੰਬਰ ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਹੁਣ ਕੋਈ ਵੀ ਪੈਂਤੜਾ ਕੰਮ ਨਹੀਂ ਆਵੇਗਾ ਕਿਉਂਕਿ ਸੂਬੇ ਦੇ ਲੋਕ ਸੱਚ ਜਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਿਗੂਣੀਆਂ ਵੋਟਾਂ ਲਈ ‘ਸ਼ਬਦ ਗੁਰੂ’ ਨੂੰ ਪਿੱਠ ਦੇ ਕੇ ਡੇਰਾ ਮੁਖੀ ਨਾਲ ਮਿਲਕੇ ਗੁਰੂ ਸਾਹਿਬਾਨ ਦੀ ਅਜ਼ਮਤ ਨਾਲ ਬੇਈਮਾਨੀ ਕਰ ਰਹੇ ਰਾਜਸੀ ਲੋਕ ਹੁਣ ਕਿਸ ਨੂੰ ਮੂਰਖ ਬਣਾਉਣ ਲਈ ਅੰਮ੍ਰਿਤਸਰ ਧਰਨੇ ’ਤੇ ਬੈਠਕੇ ਪਖੰਡ ਕਰ ਰਹੇ ਹਨ?
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਜਿੱਥੋਂ ਤੱਕ ਸਿੱਖ ਗੁਰੂਆਂ ਦੀ ਜੀਵਨੀ ਅਤੇ ਇਤਿਹਾਸ ਨੂੰ ਬਾਰ੍ਹਵੀਂ ਦੇ ਪਾਠਕ੍ਰਮ ਵਿੱਚ ਤੋੜ-ਮਰੋੜ ਕੇ ਗਲਤ ਢੰਗ ਨਾਲ ਪੇਸ਼ ਕਰਨ ਦਾ ਵਿਵਾਦੀ ਵਿਸ਼ਾ ਹੈ, ਉਸ ਵਿੱਚ ਸਿੱਖ ਵਿਦਵਾਨਾਂ ਦੀ ਛੇ ਮੈਂਬਰੀ ਕਮੇਟੀ ਸਮੁੱਚੇ ਰੂਪ ਵਿੱਚ ਜ਼ਿੰਮੇਵਾਰ ਹੈ। ਇਸ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਡਾ. ਬਲਵੰਤ ਸਿੰਘ ਢਿੱਲੋਂ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਇਤਿਹਾਸ ਕਮੇਟੀ ਦੇ ਮੈਂਬਰ ਹੋਣ ਦੀ ਹੈਸੀਅਤ ਵਿੱਚ ਉਹ ਕੇਵਲ ਅਸਤੀਫ਼ਾ ਦੇਣ ਨਾਲ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੇ, ਉਨ੍ਹਾਂ ਨੂੰ ਸਾਰੀ ਸਿੱਖ ਕੌਮ ਨੂੰ ਇਹ ਦੱਸਣਾ ਪਵੇਗਾ ਕਿ ਆਖਰ ਵਿਵਾਦਿਤ ਇੰਦਰਾਜਾਂ ਵਿੱਚ ਉਨ੍ਹਾਂ ਦੇ ਤਰਕ-ਵਿਤਰਕ ਕੀ ਸਨ, ਕੀ ਉਨ੍ਹਾਂ ਨੇ ਆਪਣੇ ਕੋਈ ਲਿਖਤੀ ਇਤਰਾਜ਼ ਵੀ ਕਮੇਟੀ ਕੋਲ ਦਰਜ ਕਰਵਾਏ ਸਨ ਜਾਂ ਨਹੀਂ, ਜੇ ਕਰਵਾਏ ਸਨ ਤਾਂ ਉਨ੍ਹਾਂ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਕਮੇਟੀ ਦੇ ਕੁਝ ਮੈਂਬਰ ਤਾਂ ਐਸਜੀਪੀਸੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਜਾਂ ਤਾਂ ਮੈਂਬਰ ਹਨ ਜਾਂ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਫੈਲੋਸ਼ਿਪ ਅਧੀਨ ਕੰਮ ਕਰ ਰਹੇ ਹਨ।
ਡਾ. ਢਿੱਲੋਂ ਤਾਂ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰ ਹਨ ਅਤੇ ਡਾ. ਕ੍ਰਿਪਾਲ ਸਿੰਘ ਜੋ ਲਗਭਗ 95 ਵਰ੍ਹਿਆਂ ਦੇ ਹੋ ਚੁੱਕੇ ਹਨ ਅਤੇ ਵਿਸ਼ੇਸ਼ ਕਮੇਟੀ ਦੇ ਚੇਅਰਮੈਨ ਹਨ, ਉਹ ਸਿੱਖ ਇਤਿਹਾਸ ਪੁਣਛਾਣ ਕਮੇਟੀ ਦੇ ਪਿਛਲੇ 11-12 ਸਾਲ ਤੋਂ ਮੁਖੀ ਹੋਣ ਦੇ ਨਾਤੇ ਸਿੱਖ ਇਤਿਹਾਸ ਦੇ ਪ੍ਰਾਜੈਕਟ ਦੀ ਸਮੁੱਚਤਾ ਵਿੱਚ ਦੇਖ-ਰੇਖ ਕਰ ਰਹੇ ਹਨ ਅਤੇ ਉਨ੍ਹਾਂ ਦਾ ਸਕੱਤਰੇਤ ਵੀ ਐਸਜੀਪੀਸੀ ਦੇ ਚੰਡੀਗੜ੍ਹ ਦਫ਼ਤਰ ਕਲਗੀਧਰ ਨਿਵਾਸ ਵਿੱਚ ਹੈ। ਡਾ. ਜਗਤਾਰ ਸਿੰਘ ਗਰੇਵਾਲ ਅਤੇ ਡਾ. ਇੰਦੂ ਬਾਂਗਾ ਅਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਅਕਾਲੀ ਸਰਕਾਰ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼੍ਰੋਮਣੀ ਕਮੇਟੀ ਦੀ ਫੈਲੋਸ਼ਿਪ ਮਾਣਦੇ ਰਹੇ ਹਨ, ਤਾਂ ਫਿਰ ਹੁਣ ਸੁਖਬੀਰ ਬਾਦਲ ਅਤੇ ਐਸਜੀਪੀਸੀ ਦੇ ਪ੍ਰਧਾਨ ਧਰਨਾ ਕਿਸ ਦੇ ਖ਼ਿਲਾਫ਼ ਦੇ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…