ਬਾਰ੍ਹਵੀਂ ਸ਼੍ਰੇਣੀ ਦੇ ਮਾੜੇ ਨਤੀਜਿਆਂ ਲਈ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ

ਅਧਿਆਪਕਾਂ ਨੂੰ ਨਵੀਂ ਸਰਕਾਰ ਤੋਂ ਕੁੱਝ ਨਵਾਂ ਕਰਨ ਦੀ ਉਮੀਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਗਰੇਸ ਅੰਕਾਂ ਦੀਆਂ ਵਿਸਾਖੀਆਂ ਨਾਲ 76 ਫ਼ੀਸਦੀ ਨਤੀਜੇ ਦੇ ਕੇ ਪਿਛਲੀ ਸਰਕਾਰ ਵੱਲੋਂ ਵਕਤੀ ਤੌਰ ’ਤੇ ਖੱਟੀ ਜਾਂਦੀ ਰਹੀ ਵਾਹ-ਵਾਹ ਇਸ ਵਾਰ ਦੇ 12ਵੀਂ ਦੇ ਨਤੀਜਆਂ ਨਾਲ਼ ਸਾਹਮਣੇ ਆ ਜਾਣ ਉਪਰੰਤ ਡਾ. ਦਲਜੀਤ ਸਿੰਘ ਚੀਮਾ ਨੂੰ ਬਤੌਰ ਸਿੱਖਿਆ ਮੰਤਰੀ ਆਪਣੀ ਅਸਫ਼ਲਤਾ ਕਬੂਲ ਕਰਨੀ ਚਾਹੀਦੀ ਹੈ। ਨਤੀਜਿਆਂ ਉੱਤੇ ਉਪਰੋਕਤ ਟਿੱਪਣੀ ਜੀਟੀਯੂ ਦੇ ਸਾਬਕਾ ਜਨਰਲ ਸਕੱਤਰ ਸੁੱਚਾ ਸਿੰਘ ਖੱਟੜਾ ਅਤੇ ਜਥੇਬੰਦੀ ਦੇ ਸਾਬਕਾ ਪ੍ਰੈੱਸ ਸਕੱਤਰ ਅਤੇ ਪਸਸਫ਼ ਦੇ ਜੋਨਲ ਪ੍ਰੈੱਸ ਸਕੱਤਰ ਰਹੇ ਹਰਨੇਕ ਮਾਵੀ ਨੇ ਕੀਤੀ ਜਿਨ੍ਹਾਂ ਨੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਬਕਾ ਚੇਅਰ-ਪਰਸਨ ਬੀਬੀ ਤਜਿੰਦਰ ਕੌਰ ਧਾਲੀਵਾਲ ਅਤੇ ਸਾਬਕਾ ਡੀਪੀਆਈ ਅਤੇ ਸਿੱਖਿਆ ਬੋਰਡ ਦੇ ਮੌਜੂਦਾ ਚੇਅਰਮੈਨ ਬਲਬੀਰ ਸਿੰਘ ਢੋਲ ਦੀ ਤਿਕੜੀ ਵੱਲੋਂ ਗ੍ਰੇਸ-ਅੰਕਾਂ ਦੀ ਦੁਰਵਰਤੋਂ ਨੂੰ ਤੱਥਾਂ ਅਤੇ ਦਲੀਲਾਂ ਸਹਿਤ ਪ੍ਰੈੱਸ ਵਿੱਚ ਨੰਗਾ ਕੀਤਾ ਸੀ ਅਤੇ ਗਰੇਸ-ਅੰਕਾਂ ਦੇ ਮੁੱਦੇ ਨੂੰ ਐਨਡੀਟੀਵੀ ਚੈਨਲ ਦੇ ਪ੍ਰਾਈਮ ਟਾਈਮ ਵਿੱਚ ਵਿਚਾਰ ਵਟਾਂਦਰੇ ਤੱਕ ਪਹੁੰਚਾਇਆ ਸੀ।
ਸ੍ਰੀ ਖੱਟੜਾ ਅਤੇ ਸ੍ਰੀ ਮਾਵੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣਾ ਵਕਾਰ ਖੋ ਬੈਠਾ ਹੈ ਅਤੇ ਬੋਰਡ ਦੀ ਕਾਰਗੁਜ਼ਾਰੀ ਵਿਰੁੱਧ ਕਈ ਦੇਸਾਂ ਦੇ ਸਫ਼ਾਰਤ-ਖ਼ਾਨਿਆਂ ਦੀਆਂ ਨਾਂਹ-ਪੱਖੀ ਟਿੱਪਣੀਆਂ ਵੀ ਆ ਚੁੱਕੀਆਂ ਹਨ। ਆਗੂਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੌਜੂਦਾ ਚੇਅਰਮੈਨ ਤੋਂ ਬੋਰਡ ਦਾ ਵਕਾਰ ਮੁੜ ਬਹਾਲ਼ ਕਰਨ ਦੀ ਕੋਈ ਵੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਿਛਲੇ ਸਾਲ ਦੇ ਨਤੀਜਿਆਂ ਵਿੱਚ 27 ਅੰਕਾਂ ਨਾਲ਼ ਗ੍ਰੇਸ ਕਦੇ ਇਹਨਾਂ ਦੀ ਆਤਮਾ ਨੂੰ ਰੜਕੀ ਨਹੀਂ ਸੀ। ਆਗੂਆਂ ਨਾਲ਼ ਹੀ ਕਿਹਾ ਕਿ 20 ਫ਼ੀਸਦੀ ਤੋਂ ਘੱਟ ਨਤੀਜਿਆਂ ਵਾਲ਼ੇ ਸਕੂਲਾਂ ਦੇ ਪ੍ਰਿੰਸੀਪਲਾਂ ਵਿਰੁੱਧ ਕਾਰਵਾਈ ਉਹਨਾਂ ਨੂੰ ਸੁਣੇ ਬਿਨਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਸਕੂਲਾਂ ਦੇ ਜ਼ਮੀਨੀ ਹਾਲਾਤਾਂ ਲਈ ਪ੍ਰਿੰਸੀਪਲਾ ਦੀ ਥਾਂ ਸਰਕਾਰ ਖ਼ੁਦ 100 ਪ੍ਰਤੀਸ਼ਤ ਜ਼ਿਮੰਵੇਵਾਰ ਹੈ।ਆਗੂਆਂ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਗੁਰਾਇਆ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਸ ਸਕੂਲ ਵਿੱਚ ਪ੍ਰਿੰਸੀਪਲ ਸਮੇਤ ਲੈਕਚਰਾਰਾਂ ਦੀਆਂ ਸਾਰੀਆਂ ਅਸਾਮੀਆਂ ਲੰਮੇਂ ਸਮੇਂ ਤੋਂ ਖ਼ਾਲੀ ਸਨ ਅਤੇ ਬਾਰ੍ਹਵੀਂ ਤੱਕ ਜਮਾਤਾਂ ਪੜ੍ਹਾਉਣ ਦਾ ਕੰਮ ਮਾਸਟਰ ਕੇਡਰ ਦੇ ਤਿੰਨ ਅਧਿਆਪਕਾਂ ਜ਼ਿੰਮੇ ਸੀ।
ਮੁਲਾਜ਼ਮ ਲਹਿਰ ਦੇ ਮੋਢੀ ਰਹੇ ਆਗੂਆਂ ਕਿਹਾ ਕਿ ਅਜਿਹੀਆਂ ਇੱਕ ਨਹੀਂ ਕਈ ਮਿਸਾਲਾਂ ਮਿਲ ਜਾਣਗੀਆਂ, ਜਿੱਥੇ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲ਼ੀ ਰੱਖ ਕੇ ਆਮ ਲੋਕਾਂ ਦੇ ਬੱਚਿਆਂ ਨਾਲ਼ ਨਾ-ਇੰਸਾਫ਼ੀ ਕੀਤੀ ਜਾਂਦੀ ਰਹੀ ਹੈ।ਆਗੂਆਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਸਟਾਫ਼ ਲਗਾਤਾਰ ਪੂਰਾ ਰਿਹਾ ਹੈ, ਉਹਨਾਂ ਸਕੂਲਾਂ ਦੇ ਨਤੀਜੇ ਦੀ ਕਾਰਗੁਜ਼ਾਰੀ 20% ਤੋਂ ਘੱਟ ਦੀ ਛੱਤਰੀ ਦੀ ਓਟ ਦੇ ਕੇ ਬਚਾਉਣ ਦੀ ਥਾਂ ਉਹਨਾਂ ਦੀ ਕਾਰਗੁਜ਼ਾਰੀ ਲਈ ਕੋਈ ਵੱਖਰਾ ਮਿਆਰ ਤੈਅ ਕਰਨਾ ਬਣਦਾ ਹੈ। ਆਗੂਆਂ ਅੰਤ ਵਿੱਚ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਿਆਰ ਪ੍ਰਤੀ ਮੁੱਖ-ਮੰਤਰੀ ਵੱਲੋਂ ਪ੍ਰਗਟਾਈ ਚਿੰਤਾ ਇੱਕ ਚੰਗੀ ਸ਼ੁਰੂਆਤ ਹੈ, ਜਿਸ ਨੂੰ ਸਿੱਖਿਆ ਜਗਤ ਨਾਲ ਜੁੜੇ ਚਿੰਤਕ, ਅਧਿਆਪਕ, ਮਾਪੇ ਅਤੇ ਬੱਚੇ ਕਿਸੇ ਸੁਧਾਰ ਦੀ ਉਮੀਦ ਨਾਲ ਦੇਖਦੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…