ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਰਿਕਾਰਡਤੋੜ ਵਿਕਾਸ ਕੀਤਾ: ਢੀਂਡਸਾ

ਭਾਜਪਾ ਕੌਂਸਲਰ ਸੈਹਬੀ ਆਨੰਦ ਵੱਲੋਂ ਫੇਜ਼-7 ਵਿੱਚ ਚੋਣ ਮੀਟਿੰਗ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਭਾਜਪਾ ਦੇ ਯੁਵਾ ਕੌਂਸਲਰ ਸੈਹਬੀ ਆਨੰਦ ਵੱਲੋਂ ਸਥਾਨਕ ਫੇਜ਼-7 ਵਿੱਚ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਭਰਵੀਂ ਚੋਣ ਮੀਟਿੰਗ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਕਰੀਬ 10 ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਚਲਾ ਰਹੀ ਹੈ ਅਤੇ ਇਨ੍ਹਾਂ ਸਾਲਾਂ ਦੌਰਾਨ ਸਰਕਾਰ ਨੇ ਲੋਕਾਂ ਦੇ ਭਲੇ, ਸੂਬੇ ਦੀ ਬਿਹਤਰੀ ਅਤੇ ਰੁਜ਼ਗਾਰ ਲਈ ਕਾਫੀ ਕੁੱਝ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਦਕਾ ਜਿੱਥੇ ਹਰ ਪਾਸੇ ਫਲਾਈ ਓਵਰ, ਛੇ ਮਾਰਗੀ ਸੜਕਾਂ ਬਣਾ ਦਿੱਤੀਆਂ ਗਈਆਂ ਹਨ, ਉੱਥੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਨੁਹਾਰ ਵੀ ਬਦਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਕਾਂਗਰਸ ਕਈ ਸਾਲਾਂ ਤੋਂ ਪੰਜਾਬ ਉੱਤੇ ਰਾਜ ਕਰਦੀ ਆਈ ਹੈ ਤਾਂ ਫੇਰ ਉਸ ਵੇਲੇ ਪੰਜਾਬ ਦਾ ਸੁਧਾਰ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕ ਭਲਾਈ ਦੀ ਨੀਤੀਆਂ ’ਤੇ ਨਹੀਂ ਬਲਕਿ ‘ਜਿੱਤਾਂਗੇ ਤਾਂ ਲੁੱਟਾਂਗੇ’ ਵਰਗੀਆਂ ਨੀਤੀਆਂ ਉੱਤੇ ਅਮਲ ਕਰਦੀ ਆਈ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟਦੀ ਆਈ ਹੈ। ਉਨ੍ਹਾਂ ਕਿਹਾ ਕਿ ਲੋਕ ਜਾਣ ਚੁਕੇ ਹਨ ਕਿ ਪੰਜਾਬ ਦੀ ਬੇਹਤਰੀ ਲਈ ਅਕਾਲੀ-ਭਾਜਪਾ ਸਰਕਾਰ ਦਾ ਮੁੜ ਆਉਣਾ ਜ਼ਰੂਰੀ ਹੈ। ਸ੍ਰੀ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਦੇ ਲੋਕਾਂ ਵਾਂਗ ਉਸ ਦੀਆਂ ਝੂਠੀਆਂ ਗੱਲਾਂ ’ਚ ਨਹੀਂ ਆਉਣ ਵਾਲੇ। ਉਨ੍ਹਾਂ ਕਿਹਾ ਕਿ ਇਹ ਉਹੀ ਅਰਵਿੰਦ ਕੇਜਰੀਵਾਲ ਹੈ ਜਿਸ ਨੇ ਦਿੱਲੀ ਚੋਣਾਂ ਦੌਰਾਨ ਲੋਕਾਂ ਨੂੰ ਕਿਹਾ ਸੀ ਕਿ ਉਹ ਆਮ ਆਦਮੀ ਹੈ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਸ ਨੂੰ ਨਾ ਤਾਂ ਗੱਡੀ ਚਾਹੀਦੀ ਹੈ ਅਤੇ ਨਾ ਹੀ ਕੋਠੀ। ਉਨ੍ਹਾਂ ਕਿਹਾ ਕਿ ਅੱਜ ਉਹੀ ਕੇਜਰੀਵਾਲ ਦਿੱਲੀ ਵਿੱਚ ਆਲੀਸ਼ਾਨ ਕੋਠੀ ਤੇ ਲਗਜ਼ਰੀ ਗੱਡੀਆਂ ਦਾ ਮਾਲਕ ਬਣੀ ਬੈਠਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਐਮਐਲਏ ਕੋਈ ਤਨਖ਼ਾਹ ਨਹੀਂ ਲਵੇਗਾ ਪ੍ਰੰਤੂ ਅੱਜ ਦਿੱਲੀ ਦਾ ਐਮਐਲਏ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਸਭ ਤੋਂ ਵੱਧ ਤਨਖ਼ਾਹ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਪੰਜਾਬ ਦੀ ਬਿਹਤਰੀ ਲਈ ਕਿਸ ਉਮੀਦਵਾਰ ਨੂੰ ਜਿੱਤ ਦਿਵਾਉਣਾ ਚਾਹੁੰਦੇ ਹਨ। ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਫੂਲਰਾਜ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀ ਕਾਂਗਰਸ ਨੇ ਹਾਲੇ ਤਕ ਮੁੱਖ ਮੰਤਰੀ ਅਹੁਦੇ ਲਈ ਕਿਸੇ ਦਾ ਨਾਂਅ ਸਾਮ੍ਹਣੇ ਨਹੀਂ ਕੀਤਾ ਕਿਉਂਕਿ ਗਾਂਧੀ ਪਰਿਵਾਰ ਵੀ ਹੁਣ ਕੈਪਟਨ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ’ਤੇ ਵੇਖਣ ਦਾ ਇਛੁੱਕ ਨਹੀਂ ਹੈ। ਜਿਸ ਦਾ ਵੱਡਾ ਕਾਰਨ ਹੈ ਕਿ ਕੈਪਟਨ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਉਸਦੇ ਆਪਣੇ ਲੋਕ ਹੀ ਉਸ ਨੂੰ ਪਸੰਦ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਮੈਂਬਰਾਂ ਦਾ ਹੀ ਆਪਸ ਵਿੱਚ ਕੋਈ ਏਕਾ ਨਹੀਂ ਹੈ ਤਾਂ ਉਹ ਪੰਜਾਬ ਦੇ ਲੋਕਾਂ ਦਾ ਭਵਿੱਖ ਕੀ ਸੰਵਾਰਨਗੇ। ਉਨ੍ਹਾਂ ਕਿਹਾ ਕਿ ਉਮੀਦਵਾਰ ਅਜਿਹਾ ਹੋਣਾ ਚਾਹੀਦਾ ਹੈ ਜੋ ਲੋਕਾਂ ਦੀ ਆਵਾਜ਼ ਸਰਕਾਰ ਤਕ ਪਹੁੰਚਾ ਸਕੇ ਅਤੇ ਖੇਤਰ ਵਿੱਚ ਵਿਕਾਸ ਕਰਵਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਉਹ ਪੂਰੇ ਕੀਤੇ ਜਾਣਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਕਾਲੀ -ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਸਿੱਧੂ ਨੂੰ ਵੋਟ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗੋਲਡੀ, ਜ਼ਿਲ੍ਹਾ ਸਕੱਤਰ ਸੁਭਾਸ਼ ਸ਼ਰਮਾ, ਯੂ.ਟੀ ਦੇ ਕੌਂਸਲਰ ਪੱਪੂ ਸ਼ੁਕਲਾ, ਮਾਨਸੀ ਚੌਧਰੀ, ਰਮੇਸ਼ ਵਰਮਾ, ਮਾਨ ਸਿੰਘ ਚੌਧਰੀ, ਸੈਹਬੀ ਆਨੰਦ, ਆਰ.ਪੀ.ਸ਼ਰਮਾ, ਸੁਸ਼ੀਲ ਰਾਣਾ, ਸਰਕਲ ਪ੍ਰਧਾਨ ਹਰਵਿੰਦਰ ਸਿੰਘ, ਰਾਕੇਸ਼ ਕੁਮਾਰ ਪ੍ਰਧਾਨ ਰੇਹੜੀ ਫੜੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…