ਅਕਾਲੀ-ਭਾਜਪਾ ਗੱਠਜੋੜ ਨੂੰ ਖਰੜ ਵਿੱਚ ਨਹੀਂ ਮਿਲ ਰਿਹਾ ਯੋਗ ਉਮੀਦਵਾਰ

ਹੁਕਮਰਾਨ ਪਾਰਟੀ ਦੇ ਉਮੀਦਵਾਰ ਦੇ ਐਲਾਨ ਵਿੱਚ ਦੇਰੀ ਕਾਰਨ ਅਕਾਲੀ ਦਲ ਚੋਣ ਪ੍ਰਚਾਰ ਵਿੱਚ ਫਾਡੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਜਨਵਰੀ:
ਖਰੜ ਵਿਧਾਨ ਸਭਾ ਹਲਕਾ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਦਾ ਐਲਾਨ ਨਾ ਹੋਣ ਕਾਰਨ ਚੋਣ ਸਰਗਰਮੀਆਂ ਠੰਢੀਆਂ ਪੈ ਗਈਆਂ ਹਨ। ਇੱਕ ਪਾਸੇ ਜਿਥੇ ਹੁਕਮਰਾਨ ਪਾਰਟੀ ਦੇ ਸਥਾਨਕ ਆਗੂ ਟਿਕਟ ਲੈਣ ਲਈ ਹਾਈ ਕਮਾਂਡ ਦੇ ਤਰਲੇ ਕੱਢ ਰਹੇ ਹਨ ਅਤੇ ਜੀਅ ਹਜੂਰੀ ਵਿੱਚ ਸਮਾਂ ਨਸਟ ਕਰ ਰਹੇ ਹਨ, ਉਥੇ ਦੂਜੇ ਪਾਸੇ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਨੇ ਠੰਢ ਵਿੱਚ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਬਹੁਤਜਨ ਸਮਾਜ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਬਜਹੇੜੀ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਧਰ, ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਸਡਿਊਲ ਜਾਰੀ ਕਰਨ ਨਾਲ ਆਦਰਸ਼ ਚੋਣ ਜ਼ਾਬਤ ਲਾਗੂ ਹੋਣ ਕਾਰਨ ਅਕਾਲੀਆਂ ਦੇ ਉਦਘਾਟਨੀ ਪ੍ਰੋਗਰਾਮਾਂ ਨੂੰ ਵੀ ਬਰੇਕ ਲੱਗ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਜ਼ਿਲ੍ਹਾ ਜਥੇਦਾਰ ਮੁਹਾਲੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ। ਇਸ ਤੋਂ ਇਲਾਵਾ ਕਾਫੀ ਸਮੇਂ ਤੋਂ ਹਲਕੇ ਵਿੱਚ ਸਿਆਸੀ ਗਤੀਵਿਧੀਆਂ ਚਲਾ ਰਹੇ ਪਡਿਆਲਾ ਪਰਿਵਾਰ ਦੇ ਸਿਆਸੀ ਵਾਰਿਸ ਅਤੇ ਸੀਨੀਅਰ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੀ ਟਿਕਟ ਲਈ ਕਾਫੀ ਭੱਜ ਨੱਠ ਕਰ ਰਹੇ ਹਨ। ਜਦੋਂ ਕਿ ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਪਰਮਜੀਤ ਕੌਰ ਬਡਾਲੀ ਨੂੰ ਟਿਕਟ ਦੇਣ ਦੀ ਚਰਚਾ ਚਲ ਪਈ ਸੀ। ਇਹੀ ਨਹੀਂ ਬੀਤੇ ਕੱਲ੍ਹ ਸੋਸ਼ਲ ਮੀਡੀਆ ’ਤੇ ਖਰੜ ਵਿੱਚ ਗਿਲਕੋ ਵੈਲੀ ਦੇ ਮਾਲਕ ਕਲੋਨਾਈਜਰ ਰਣਜੀਤ ਸਿੰਘ ਗਿੱਲ ਨੂੰ ਟਿਕਟ ਮਿਲਣ ਦੀ ਚਰਚਾ ਛਿੜ ਗਈ ਸੀ। ਜਿਸ ਕਾਰਨ ਅਕਾਲੀਆਂ ਦੀ ਨੀਂਦ ਉੱਡ ਗਈ ਅਤੇ ਇਕ ਦੂਜੇ ਨਾਲ ਸੰਪਰਕ ਸਾਧ ਕੇ ਗਿੱਲ ਬਾਰੇ ਪਤਾ ਲਗਾਉਣ ਵਿੱਚ ਲੱਗੇ ਰਹੇ।
ਉਧਰ, ਕੁੱਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਰੜ ਤੋਂ ਚੋਣ ਲੜਨਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਲੇਕਿਨ ਬੀਤੇ ਦਿਨੀਂ ਜੂਨੀਅਰ ਬਾਦਲ ਨੇ ਜਲਾਲਾਬਾਦ ਤੋਂ ਹੀ ਚੋਣ ਲੜਨ ਦਾ ਫੈਸਲਾ ਲੈਣ ਕਾਰਨ ਸਥਾਨਕ ਆਗੂਆਂ ਨੇ ਦੁਬਾਰਾ ਟਿਕਟ ਲਈ ਯਤਨ ਤੇਜ ਕਰ ਦਿੱਤੇ ਹਨ। ਇਸੇ ਦੌਰਾਨ ਅਕਾਲੀਆਂ ਦੀ ਧੜੇਬੰਦੀ ਕਾਰਨ ਹੁਣ ਭਾਜਪਾ ਆਗੂਆਂ ਨੇ ਵੀ ਖਰੜ ਵਿੱਚ ਦਾਅਵੇਦਾਰੀ ਜਿਤਾਉਂਦੇ ਹੋਏ ਟਿਕਟ ਮੰਗੀ ਜਾ ਰਹੀ ਹੈ।
ਇਥੇ ਦੱਸਣਾ ਬਣਦਾ ਹੈ ਕਿ ਹਲਕਾ ਖਰੜ ਵਿਚ ਪਿਛਲੇ ਸਮੇਂ ਦੌਰਾਨ ਮੁਖ ਮੁਕਾਬਲਾ ਅਕਾਲੀ-ਭਾਜਪਾ ਅਤੇ ਕਾਂਗਰਸ ਵਿਚਕਾਰ ਹੀ ਹੁੰਦਾ ਰਿਹਾ ਪਰ ਇਸ ਵਾਰ ‘ਆਪ’ ਵੱਲੋਂ ਐਲਾਨੇ ਉਮੀਦਵਾਰ ਕੰਵਰ ਸੰਧੂ ਕਾਰਨ ਸਥਿਤੀ ਰੌਚਕ ਬਣੀ ਹੋਈ ਹੈ ਤੇ ਹਲਕੇ ਵਿਚ ਤਿਕੋਣੇ ਮੁਕਾਬਲੇ ਵਿੱਚ ਕਾਂਟੇ ਦੀ ਟੱਕਰ ਹੋਵੇਗੀ ਅਤੇ ਜਿੱਤ ਹਰ ਦਾ ਅੰਤਰ ਬਹੁਤ ਘੱਟ ਵੋਟਾਂ ਨਾਲ ਹੋਣ ਦੀ ਸੰਭਾਵਨਾ ਹੈ। ਅਗਰ ਅਕਾਲੀ-ਭਾਜਪਾ ਵੱਲੋਂ ਹਲਕੇ ਵਿੱਚ ਪੈਰਾਸੂਟ ਉਮੀਦਵਾਰ ਉਤਾਰਿਆ ਗਿਆ ਤਾਂ ਉਸ ਦਾ ਨੁਕਸਾਨ ਪਾਰਟੀ ਨੂੰ ਹੋਣਾ ਦੀਵਾਰ ’ਤੇ ਲਿਖਿਆ ਸਾਫ ਨਜ਼ਰ ਆ ਰਿਹਾ ਹੈ ਜਦਕਿ ਲੋਕਲ ਉਮੀਦਵਾਰ ਆਪਸ ਵਿੱਚ ਕਾਂਟੇ ਦੇ ਟੱਕਰ ਦੇਣ ਦੀ ਕਾਬਲੀਅਤ ਰੱਖਦੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…