
ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸੋਹਾਣਾ ਨੇ ਚੋਣ ਮੁਹਿੰਮ ਭਖਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਆਪਣੀ ਚੋਣ ਮੁਹਿੰਮ ਭਖਾ ਦਿੱਤੀ ਹੈ। ਇਸ ਮੌਕੇ ਲੋਕਾਂ ਨੇ ਹੱਥ ਖੜੇ ਕਰ ਕੇ ਪਰਵਿੰਦਰ ਸਿੰਘ ਸੋਹਾਣਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਹੁੰਮ ਹੁਮਾ ਕੇ ਅਕਾਲੀ ਬਸਪਾ ਗੱਠਜੋੜ ਨੂੰ ਵੋਟਾਂ ਪਾ ਕਿ ਉਨ੍ਹਾਂ ਨੂੰ ਜਿਤਾਉਣ ਤਾਂ ਜੋ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਤੋਰਿਆ ਜਾ ਸਕੇ ਜੋ ਕਿ ਕਾਂਗਰਸ ਦੀ ਸਰਕਾਰ ਨੇ ਪੰਜ ਸਾਲ ਪਿੱਛੇ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸੇ ਇਲਾਕੇ ਦੇ ਜੰਮਪਲ ਹਨ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਭਲੀਭਾਂਤ ਜਾਣਦੇ ਹਨ ਤੇ ਨਾਲ ਹੀ ਅਕਾਲੀ ਬਸਪਾ ਸਰਕਾਰ ਬਣਨ ਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਪੂਰਨ ਤੌਰ ’ਤੇ ਸਮਰਥਨ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ ਅਤੇ ਆਮ ਆਦਮੀ ਪਾਰਟੀ ਇੱਥੋਂ ਕਾਰਪੋਰੇਟ ਧਨਾਢ ਕੁਲਵੰਤ ਸਿੰਘ ਚੋਣਾਂ ਵਿੱਚ ਲੈ ਕੇ ਆਈ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨੀ ਕੁ ਆਮ ਲੋਕਾਂ ਦੀ ਪਾਰਟੀ ਹੈ।
ਇਸ ਮੌਕੇ ਬੋਲਦਿਆਂ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਪਾਰਟੀ ਹੈ ਜਿਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੋਕਾਂ ਨੂੰ ਭਰਮਾਇਆ ਅਤੇ ਪੰਜਾਬ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਪਰ ਬਾਅਦ ਵਿੱਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਭ੍ਰਿਸ਼ਟ ਮੰਤਰੀਆਂ ਦੀ ਹੀ ਸਰਕਾਰ ਬਣਾ ਦਿੱਤੀ ਗਈ ਜਿਸ ਨੇ ਪੰਜਾਬ ਦਾ ਹੋਰ ਬੇੜਾ ਗਰਕ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਉੱਤੇ ਰਾਜ ਕਰਨਾ ਚਾਹੁੰਦਾ ਹੈ ਤੇ ਪੰਜਾਬ ਵਿੱਚ ਰਿਮੋਟ ਕੰਟਰੋਲ ਦੀ ਸਰਕਾਰ ਚਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਐਸਵਾਈਐਲ ਸਬੰਧੀ ਕੇਜਰੀਵਾਲ ਨੇ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ, ਇਸੇ ਤਰ੍ਹਾਂ ਪਰਾਲੀ ਸਬੰਧੀ ਵੀ ਪੰਜਾਬ ਨੂੰ ਬਦਨਾਮ ਕਰਨ ਦੇ ਨਾਲ ਨਾਲ ਕੇਜਰੀਵਾਲ ਨੇ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ। ਇੱਕ ਕਿੱਲੇ ਵਿੱਚ ਪਰਾਲੀ ਸਾੜਨ ਵਾਲੇ ਨੂੰ ਇੱਕ ਕਰੋੜ ਰੁਪਏ ਦੇ ਜੁਰਮਾਨੇ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹੀ ਨਹੀਂ ਥਰਮਲ ਪਲਾਂਟ ਲਗਾ ਕੇ ਪੰਜਾਬ ਦੀ ਅਕਾਲੀ ਸਰਕਾਰ ਨੇ ਬਿਜਲੀ ਨੂੰ ਸਰਪਲੱਸ ਕੀਤਾ ਸੀ ਉਸ ਦੇ ਖ਼ਿਲਾਫ਼ ਵੀ ਕੇਜਰੀਵਾਲ ਨੇ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ ਕਿ ਇਹ ਥਰਮਲ ਪਲਾਂਟ ਬੰਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਸਟੇਟ ਦੀ ਸਰਕਾਰ ਨੇ ਲਿਖ ਕੇ ਦੇਣਾ ਹੈ ਜਿਸ ਸਬੰਧੀ ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਦੋ ਅਰਜ਼ੀਆਂ ਦਿੱਲੀ ਸਰਕਾਰ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਦੋਵੇਂ ਅਰਜ਼ੀਆਂ ਦਿੱਲੀ ਸਰਕਾਰ ਵੱਲੋਂ ਖਾਰਜ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਕੇਜਰੀਵਾਲ ਪੰਜਾਬ ਦਾ ਕਿੰਨਾ ਕੁ ਹਿਤੈਸ਼ੀ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਚੋਣਾਂ ਅੰਦਰ ਪਰਵਿੰਦਰ ਸਿੰਘ ਸੋਹਾਣਾ ਜੋ ਕਿ ਇਲਾਕੇ ਦਾ ਹੀ ਜੰਮਪਲ ਨੌਜਵਾਨ ਤੇ ਈਮਾਨਦਾਰ ਆਗੂ ਹੈ, ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਤਿਆਰ ਬੈਠੇ ਹਨ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਹੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੀ ਇਹ ਸੀਟ ਜਿਤਾ ਕੇ ਅਕਾਲੀ ਬਸਪਾ ਗੱਠਜੋੜ ਦੀ ਝੋਲੀ ਵਿੱਚ ਪਾਈ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਯੂਥ ਵਿੰਗ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਤਸਿੰਬਲੀ, ਅਜੈਬ ਸਿੰਘ, ਭੁਪਿੰਦਰ ਸਿੰਘ ਧਨੋਆ, ਨਿਸ਼ਾ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ, ਡਾ. ਬਲਜਿੰਦਰ ਸਿੰਘ, ਜਸਪਾਲ ਸਿੰਘ, ਸੁਰਿੰਦਰਪਾਲ ਕੌਸ਼ਿਕ, ਸੰਗਤ ਸਿੰਘ ਜਨਰਲ ਸਕੱਤਰ, ਸੁਖਦੇਵ ਸਿੰਘ ਸੋਢੀ, ਸੁਖਦੇਵ ਵਰਮਾ, ਜਵਾਹਰ ਕੌਸ਼ਲ, ਅਵਤਾਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਨਵਤੇਜ ਸਿੰਘ, ਰਾਜ ਕੁਮਾਰ ਸ਼ਰਮਾ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ ਧਨੋਆ ਗੁਰਦੁਆਰਾ ਕਮੇਟੀ ਪ੍ਰਧਾਨ, ਗੁਰਮੇਲ ਸਿੰਘ ਜੱਸੋਵਾਲ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਰਘਬੀਰ ਸਿੰਘ, ਸੰਗਤ ਸਿੰਘ ਸੈਣੀ, ਮਹਾਂ ਸਿੰਘ, ਹਰਭਜਨ ਚੁਟਾਨੀ ਸਮੇਤ ਹੋਰ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।