ਅਕਾਲੀ-ਬਸਪਾ ਸਰਕਾਰ ਬਣਨ ’ਤੇ ਬਲਬੀਰ ਸਿੱਧੂ ਨੂੰ ਅਗਲੇ ਹੀ ਦਿਨ ਜੇਲ੍ਹ ’ਚ ਡੱਕਾਂਗੇ: ਸੁਖਬੀਰ ਬਾਦਲ

ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸੋਹਾਣਾ ਦੀ ਚੋਣ ਰੈਲੀ ਵਿੱਚ ਗਰਜੇ ਸੁਖਬੀਰ ਬਾਦਲ

ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਜਿੱਥੋਂ ਆਇਆ ਸੀ ਉੱਥੇ ਹੀ ਵਾਪਸ ਭੇਜਾਂਗੇ: ਸੁਖਬੀਰ

ਮੁਹਾਲੀ ਦੇ ਲੋਕਾਂ ਦੀ ਸਹੂਲਤ ਲਈ ਨਵੀਂ ਨੀਡ ਬੇਸਡ ਪਾਲਸੀ ਲਾਗੂ ਕੀਤੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
‘ਪੰਜਾਬ ਵਿੱਚ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੋਂ ਅਗਲੇ ਹੀ ਦਿਨ ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਜਾਵੇਗਾ ਕਿਉਂਕਿ ਕਾਂਗਰਸ ਵਜ਼ਾਰਤ ਦੌਰਾਨ ਉਸ ਨੇ ਜਿੰਨੇ ਵੀ ਘੁਟਾਲੇ ਅਤੇ ਪਾਪ ਕੀਤੇ ਹਨ, ਉਹ ਪੰਜ ਸਾਲ ਜੇਲ੍ਹ ਵਿੱਚ ਹੀ ਰਹੇਗਾ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਸੈਕਟਰ-78 ਵਿਖੇ ਅਕਾਲੀਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੀ।
ਸੁਖਬੀਰ ਨੇ ਆਪਣੇ ਪੁਰਾਣੇ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਸ ਨੂੰ ਮੁਹਾਲੀ ਦਾ ਮੇਅਰ ਅਤੇ ਕਰੋੜਪਤੀ ਅਸੀਂ ਬਣਾਇਆ ਸੀ ਪਰ ਉਸ ਨੇ ਮਾਂ ਪਾਰਟੀ ਨੂੰ ਧੋਖਾ ਦੇ ਦਿੱਤਾ। ਉਹ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲਦਾ, ਰਾਤ ਨੂੰ ਕਿਤੇ ਹੋਰ ਅਤੇ ਦਿਨੇ ਕਿਤੇ ਹੋਰ ਹੁੰਦਾ ਹੈ। ਇਸ ਨੂੰ ਇੱਕ ਦਬਕਾ ਮਾਰਾਂਗੇ ਤਾਂ ਉਹ ਮੁੜ ਵਾਪਸ ਆਵੇਗਾ। ਸੁਖਬੀਰ ਨੇ ਪੁਆਧੀ ਬੋਲੀ ਵਿੱਚ ਭਾਸ਼ਣ ਦਿੰਦਿਆਂ ਕਿਹਾ ਕਿ ‘ਸੁਖਬੀਰ ਜੋ ਕਹਾ ਉਹੀ ਕਰਾ’’।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਹਾਲਤ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ ਅਤੇ ਆਮ ਆਦਮੀ ਪਾਰਟੀ ਵੀ ਵੱਧ ਤੋਂ ਵੱਧ 7-8 ਸੀਟਾਂ ’ਤੇ ਸਿਮਟ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਸਮੇਤ ਸੂਬੇ ਦਾ ਜਿੰਨਾ ਵੀ ਵਿਕਾਸ ਹੋਇਆ ਉਹ ਅਕਾਲੀ ਸਰਕਾਰ ਦੀ ਦੇਣ ਹੈ। ਇਸ ਲਈ ਜੇ ਪੰਜਾਬ ਦੇ ਲੋਕ ਸੂਬੇ ਦਾ ਵਿਕਾਸ ਅਤੇ ਤਰੱਕੀ ਚਾਹੁੰਦੇ ਹਨ ਤਾਂ ਇਸ ਵਾਰ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਾ ਦਿਓ, ਫਿਰ ਕਿਸੇ ਨੂੰ ਉਲਾਂਭਾ ਦੇਣ ਦਾ ਮੌਕਾ ਨਹੀਂ ਦੇਵਾਂਗੇ। ਉਨ੍ਹਾਂ ਸ਼ਹਿਰ ਵਾਸੀਆਂ ਦੀ ਮੰਗ ’ਤੇ ਨਵੀਂ ਨੀਡ ਬੇਸਡ ਪਾਲਿਸੀ ਲਾਗੂ ਕਰਕੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਵੋਟਾਂ ਪੈਣਗੀਆਂ, 10 ਮਾਰਚ ਨੂੰ ਨਤੀਜਾ ਆਵੇਗਾ, 15 ਮਾਰਚ ਨੂੰ ਸਰਕਾਰ ਬਣੇਗੀ ਅਤੇ 16 ਮਾਰਚ ਨੂੰ ਬਲਬੀਰ ਸਿੱਧੂ ਜੇਲ੍ਹ ਵਿੱਚ ਹੋਵੇਗਾ।

ਇਸ ਤੋਂ ਪਹਿਲਾਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਸੁਖਬੀਰ ਬਾਦਲ ਦਾ ਮੁਹਾਲੀ ਆਉਣ ’ਤੇ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਲੋਕ ਪੰਜਾਬ ਵਿੱਚ ਅਕਾਲੀ-ਬਸਪਾ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਵਿਧਾਇਕ ਸਿੱਧੂ ’ਤੇ ਇਲਾਕੇ ਦੀ ਅਣਦੇਖੀ ਕਰਨ ਅਤੇ ਭ੍ਰਿਸ਼ਟਾਚਾਰ ਫੈਲਾਉਣ ਤੇ ਆਪਣੇ ਪਰਿਵਾਰ ਨੂੰ ਤਰਜ਼ੀਹ ਦੇਣ ਦਾ ਦੋਸ਼ ਲਾਇਆ। ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਜਦੋਂਕਿ ਰੈਲੀ ਨੂੰ ਡੇਰਾਬੱਸੀ ਤੋਂ ਅਕਾਲੀ ਵਿਧਾਇਕ ਐਨਕੇ ਸ਼ਰਮਾ, ਸੀਨੀਅਰ ਆਗੂ ਹਰਜੀਤ ਸਿੰਘ ਭੁੱਲਰ, ਮੁਹਾਲੀ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਸਾਬਕਾ ਸਰਪੰਚ ਜਸਪਾਲ ਸਿੰਘ ਜ਼ੀਰਕਪੁਰ ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।

ਇਸ ਮੌਕੇ ਬਲਬੀਰ ਸਿੰਘ ਢੋਲ, ਕਰਤਾਰ ਸਿੰਘ ਤਸਿੰਬਲੀ, ਸਰਬਜੀਤ ਸਿੰਘ ਪਾਰਸ ਸਕੱਤਰ ਜਨਰਲ, ਗੁਰਮੀਤ ਸਿੰਘ ਸ਼ਾਮਪੁਰ, ਕਮਲਜੀਤ ਕੰਮਾ ਬੜੀ, ਪਰਵਿੰਦਰ ਸਿੰਘ ਤਸਿੰਬਲੀ, ਹਰਿਮੰਦਰ ਪੱਤੋ, ਜਗਦੀਸ਼ ਸਿੰਘ ਸਰਾਓ ਸਰਕਲ ਪ੍ਰਧਾਨ, ਸਰਬਜੀਤ ਗੋਲਡੀ ਸਰਕਲ ਪ੍ਰਧਾਨ, ਅਜੇਪਾਲ ਮਿੱਡੂਖੇੜਾ ਜਨਰਲ ਸਕੱਤਰ ਯੂਥ, ਸਤਿੰਦਰ ਬਾਜਵਾ ਲੀਗਲ ਐਡਵਾਈਜ਼ਰ, ਸੁਖਦੇਵ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭਿੰਡਰ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਸਰਕਲ ਪ੍ਰਧਾਨ ਬੀਸੀ, ਬਲਜਿੰਦਰ ਬਿੰਦਰ ਲਖਨੌਰ, ਜਸਬੀਰ ਸਿੰਘ ਕੁਰੜਾ, ਨਿਰਮਲ ਸਿੰਘ ਮਾਣਕਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਬਲਵਿੰਦਰ ਗੋਬਿੰਦਗੜ੍ਹ, ਬਸਪਾ ਤੋਂ ਜਗਤਾਰ ਸਿੰਘ, ਪਾਲ ਸਿੰਘ ਰੱਤੂ, ਬਖਸ਼ੀਸ਼ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ ਚੱਪੜਚਿੜੀ, ਸਵਰਨ ਸਿੰਘ, ਜਸਪਾਲ ਸਿੰਘ, ਸਿਮਰਨ ਸਿੰਘ ਢਿੱਲੋਂ, ਇਸ਼ਪ੍ਰੀਤ ਵਿੱਕੀ ਸੁਧਾਰ, ਬਲਜਿੰਦਰ ਸਿੰਘ ਗੋਬਿੰਦਗੜ੍ਹ ਮੈਂਬਰ ਪੀਏਸੀ, ਸ਼ਵਿੰਦਰ ਸਿੰਘ ਲੱਖੋਵਾਲ, ਯੁਵਰਾਜ ਸਿੰਘ ਕੰਗ, ਸੁਖਵਿੰਦਰ ਸਿੰਘ ਛਿੰਦੀ, ਕੁਲਦੀਪ ਕੁਰੜੀ ਸਮੇਤ ਵੱਡੀ ਗਿਣਤੀ ਵਿੱਚ ਮੁਹਾਲੀ ਹਲਕੇ ਤੋਂ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…