Nabaz-e-punjab.com

ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਸਿਰੇ ਦਾ ਹੈਂਕੜਬਾਜ਼: ਰਾਮੂਵਾਲੀਆ

ਧਰਨਿਆਂ ਦੌਰਾਨ ਸੁਖਬੀਰ ਬਾਦਲ ਦਾ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਤਾੜਨਾ ਤੇ ਧਮਕਾਉਣਾ ਗਲਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਵਿੱਚ ਰੋਸ ਧਰਨਿਆਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਸਖ਼ਤ ਲਹਿਜ਼ੇ ਵਿੱਚ ਤਾੜਨਾ ਅਤੇ ਸ਼ਰ੍ਹੇਆਮ ਧਮਕਾਉਣਾ ਬਿਲਕੁਲ ਗਲਤ ਹੈ। ਇਸ ਨਾਲ ਅਫ਼ਸਰਸ਼ਾਹੀ ਵਿੱਚ ਡਰ ਅਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਇਹ ਗੱਲ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਉਨ੍ਹਾਂ ਸੁਖਬੀਰ ਬਾਦਲ ਨੂੰ ਸਿਰੇ ਦਾ ਹੈਂਕੜਬਾਜ਼ ਦੱਸਦਿਆਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਵੀ ਇਹੋ ਕੁਝ ਹੁੰਦਾ ਰਿਹਾ ਹੈ, ਜਿਸ ਨੂੰ ਢਾਲ ਬਣਾ ਕੇ ਬਾਦਲ ਦਲ ਸੜਕਾਂ ’ਤੇ ਰੋਸ ਮੁਜ਼ਾਹਰੇ ਕਰ ਰਿਹਾ ਹੈ। ਉਨ੍ਹਾਂ ਸੁਖਬੀਰ ਨੂੰ ਸੁਆਲ ਕੀਤਾ ਕਿ ਪਹਿਲਾਂ ਵੀ ਇਹੀ ਅਫ਼ਸਰ ਤਾਇਨਾਤ ਸਨ, ਉਦੋਂ ਤਾਂ ਉਨ੍ਹਾਂ ਨੂੰ ਕੁਝ ਵੀ ਗਲਤ ਹੁੰਦਾ ਨਜ਼ਰ ਨਹੀਂ ਆਇਆ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਮਾਂ ਬੋਲੀ ਬੇਗਾਨੀ ਹੋ ਗਈ, ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਨਸ਼ੇ ਨੌਜਵਾਨੀ ਨੂੰ ਨਿਗਲ ਗਏ ਅਤੇ ਨਸਲਾਂ ਅਤੇ ਫਸਲਾਂ ਬਰਬਾਦ ਹੋ ਗਈਆਂ, ਬੇਰੁਜ਼ਗਾਰੀ ਚਰਮ ਸੀਮਾ ’ਤੇ ਪਹੁੰਚ ਗਈ। ਆਰਥਿਕ ਮੰਦਹਾਲੀ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ’ਤੇ ਲਿਆ ਖੜਾ ਕੀਤਾ ਅਤੇ ਡਾਕਟਰੀ ਇਲਾਜ ਮਹਿੰਗਾ ਹੋਣ ਕਾਰਨ ਗਰੀਬ ਇਲਾਜ ਖੁਣੋਂ ਮਰ ਰਿਹਾ ਹੈ। ਕੀ ਸਰਬੰਸਦਾਨੀ ਅਤੇ ਦੇਸ਼ ਦੇ ਮਹਾਨ ਸ਼ਹੀਦਾਂ ਨੇ ਇਹ ਦਿਨ ਦੇਖਣ ਲਈ ਆਪਣੇ ਬਲੀਦਾਨ ਦਿੱਤੇ ਸੀ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸ਼ਰ੍ਹੇਆਮ ਠੱਗ ਰਹੇ ਹਨ। ਜਾਰਜੀਆ, ਮਲੇਸ਼ੀਆ ਅਤੇ ਅਰਬ ਦੇਸ਼ਾਂ ਵਿੱਚ 700 ਤੋਂ ਵੱਧ ਪੰਜਾਬੀ ਮੁੰਡੇ ਖੱਜਲ ਖੁਆਰ ਹੋ ਰਹੇ ਹਨ ਅਤੇ 700 ਕੁੜੀਆਂ ਨੂੰ ਏਜੰਟਾਂ ਨੇ ਸੇਖਾਂ ਕੋਲ ਵੇਚ ਦਿੱਤਾ ਹੈ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਖੇਤੀਬਾੜੀ ਤੋਂ ਬਾਅਦ ਟਰੱਕ ਅਤੇ ਟੈਕਸੀ ਹੀ ਇਕਮਾਤਰ ਕਾਰੋਬਾਰ ਬਚਿਆ ਹੈ ਲੇਕਿਨ ਵਾਹਨ ਖਰੀਦੇ ਸਮੇਂ ਪਹਿਲਾਂ ਰੋਡ ਟੈਕਸ ਦੀ ਵਸੂਲੀ ਅਤੇ ਹੁਣ ਟੋਲ ਟੈਕਸ ਦੀ ਵਸੂਲੀ ਕਰਕੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆਂ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਨੌਕਰੀਆਂ ਅਤੇ ਕਾਡਰ ਦੀ ਤਾਇਨਾਤੀ ਵਿੱਚ ਲਗਾਤਾਰ ਪੰਜਾਬ ਦੇ ਕੋਟੇ ਨੂੰ ਖੋਰਾ ਲੱਗ ਰਿਹਾ ਹੈ ਪ੍ਰੰਤੂ ਇਨ੍ਹਾਂ ਸਾਰੀਆਂ ਸਮੱਸਿਆ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈ।
(ਬਾਕਸ ਆਈਟਮ)
5 ਪੋਹ ਦੀ ਰਾਤ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਦੀ ਇਕੱਠੇ ਰਹਿਣ ਦੀ ਆਖਰੀ ਰਾਤ ਸੀ ਅਤੇ 6 ਤੋਂ 7 ਪੋਹ ਸ਼ਹੀਦੀਆਂ ਦਾ ਹਫ਼ਤਾ ਸੀ ਜੋ ਕਿ ਸਿੱਖਾਂ ਅਤੇ ਵਿਸ਼ਵ ਦੇ ਲੋਕਾਂ ਨੂੰ ਹਮੇਸ਼ਾ ਹੀ ਯਾਦ ਰਹੇਗਾ ਪਰ ਇਸਦੇ ਉਲਟ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਗਮਗੀਨ ਹੋ ਕੇ ਇਹ ਲਾਸਾਨੀ ਕੁਰਬਾਨੀ ਤੇ ਕਹਿਰਾਂ ਦੇ ਜੁਲਮ ਸਹਿ ਕੇ ਸਿੱਖੀ ਤੇ ਭਾਰਤੀ ਸੰਸਕ੍ਰਿਤੀ ਲਈ ਦਿੱਤੀਆਂ ਸ਼ਹੀਦੀਆਂ ਜਿਵੇਂ ਸਰਹਿੰਦ ਦੀ ਕੰਧ ’ਤੇ ਚਮਕੌਰ ਦੀ ਗੜੀ ’ਤੇ ਸੋਗ ਅਤੇ ਫਖ਼ਰ ਦਾ ਇਤਿਹਾਸ ਪ੍ਰਚਾਰਨ ਦੀ ਥਾਂ ਪਟਿਆਲਾ ਸਿਆਸੀ ਕਾਨਫਰੰਸ ਕਰਕੇ ਹੋਛੀ ਅਤੇ ਨਿੰਦਣਯੋਗ ਰਾਜਨੀਤੀ ਕੀਤੀ ਹੈ ਜੋ ਕਿ ਗੁਰੂ ਸਾਹਿਬ ਦੇ ਪਰਿਵਾਰ ਦੇ ਬਲੀਦਾਨ ਦਾ ਘੋਰ ਅਪਮਾਨ ਹੈ ਅਤੇ ਇਸ ਕਲੰਕ ਦੀ ਸਭ ਨੂੰ ਨਿੰਦਾ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …