
ਅਕਾਲੀ ਦਲ ਨੇ ਆਪ ਵਿਰੁੱਧ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ, ਪਾਣੀ ਦੀ ਟੈਂਕੀ ’ਤੇ ਲਾਇਆ ਹੋਰਡਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਆਮ ਆਦਮੀ ਪਾਰਟੀ (ਆਪ) ਵੱਲੋਂ ਨਿਯਮਾਂ ਦੀ ਉਲੰਘਣਾ ਕਰਕੇ ਪੀਣ ਵਾਲੇ ਪਾਣੀ ਦੀ ਟੈਂਕੀ (ਸਰਕਾਰੀ ਪ੍ਰਾਪਰਟੀ) ਉੱਤੇ ਚੋਣ ਪ੍ਰਚਾਰ ਸਬੰਧੀ ਆਪਣੇ ਉਮੀਦਵਾਰ ਦੇ ਮਸ਼ਹੂਰੀ ਹੋਰਡਿੰਗ ਲਗਾਉਣ ਦਾ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਯੂਥ ਅਕਾਲੀ ਆਗੂ ਸੋਨੀ ਬੜੀ ਨੇ ਇਤਰਾਜ਼ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਸ਼ਰ੍ਹੇਆਮ ਨਿਯਮਾਂ ਦੀ ਉਲੰਘਣਾ ਕਰਕੇ ਪਾਣੀ ਦੀ ਟੈਂਕੀ ਉੱਤੇ ਹੋਰਡਿੰਗ ਲਗਾ ਰਹੇ ਹਨ ਪ੍ਰੰਤੂ ਇਹ ਸ਼ਾਇਦ ਜ਼ਿਲ੍ਹਾ ਚੋਣ ਦਫ਼ਤਰ ਦੇ ਅਮਲੇ ਨੂੰ ਦਿਖਾਈ ਨਹੀਂ ਦੇ ਰਿਹਾ ਹੈ। ਇੰਜ ਹੀ ਹੁਕਮਰਾਨ ਕਾਂਗਰਸ ਪਾਰਟੀ ਵੱਲੋਂ ਨੇੜਲੇ ਪਿੰਡ ਦਾਊਂ ਵਿੱਚ ਚੋਣ ਜਲਸਾ ਕਰਕੇ ਆਦਰਸ਼ ਚੋਣ ਜ਼ਾਬਤੇ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਚੋਣ ਜਲਸੇ ਵਿੱਚ ਇਕੱਠ ਜ਼ਿਆਦਾ ਹੋਣ ਦੇ ਨਾਲ-ਨਾਲ ਕਿਸੇ ਵੀ ਵਿਅਕਤੀ ਨੇ ਆਪਣੇ ਮੂੰਹ ’ਤੇ ਮਾਸਕ ਨਹੀਂ ਸੀ ਲਿਆ ਹੋਇਆ। ਜਿਸ ਕਾਰਨ ਮਹਾਮਾਰੀ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।