
ਸੇਫ਼ ਸਕੂਲ ਵਾਹਨ ਸਕੀਮ: ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ, ਦੋ ਬੱਸਾਂ ਦੇ ਕੀਤੇ ਚਲਾਨ
ਨਬਜ਼-ਏ-ਪੰਜਾਬ, ਮੁਹਾਲੀ, 8 ਜੁਲਾਈ:
ਮੁਹਾਲੀ ਦੇ ਐਸਪੀ (ਟਰੈਫ਼ਿਕ) ਹਰਿੰਦਰ ਸਿੰਘ ਮਾਨ ਅਤੇ ਡੀਐਸਪੀ (ਟਰੈਫ਼ਿਕ) ਮਹੇਸ਼ ਸੈਣੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਜਨਕ ਰਾਜ ਦੀ ਅਗਵਾਈ ਵਾਲੀ ਟੀਮ ਨੇ ਬਾਲ ਸੁਰੱਖਿਆ ਅਫ਼ਸਰ ਅਤੇ ਸਿੱਖਿਆ ਵਿਭਾਗ ਨਾਲ ਮਿਲ ਕੇ ਸਾਂਝੇ ਤੌਰ ’ਤੇ ਸੇਫ਼ ਸਕੂਲ ਵਾਹਨ ਸਕੀਮ ਤਹਿਤ ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿੱਚ ਬੱਸਾਂ ਦੀ ਚੈਕਿੰਗ ਕੀਤੀ ਅਤੇ ਬੱਸ ਡਰਾਈਵਰਾਂ ਅਤੇ ਫੀਮੇਲ ਅਟੈਂਡਸ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਅਤੇ ਵਾਤਾਵਰਨ ਦੀ ਸੁਰੱਖਿਆ ਅਤੇ ਨਸ਼ਿਆਂ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਦੋ ਬੱਸਾਂ ਦੇ ਚਲਾਨ ਵੀ ਕੀਤੇ ਗਏ। ਉਨ੍ਹਾਂ ਸਟਾਫ਼ ਨੂੰ ਸੇਫ਼ ਸਕੂਲ ਵਾਹਨ ਸਕੀਮ, ਬੱਸਾਂ ਵਿੱਚ ਤਰੁੱਟੀਆਂ ਦੂਰ ਕਰਨ ਅਤੇ ਸੀਟਾਂ ਦੀ ਕਪੈਸਟੀ ਅਨੁਸਾਰ ਬੱਚੇ ਬਿਠਾਉਣ ਦੇ ਆਦੇਸ਼ ਦਿੱਤੇ।
ਏਐਸਆਈ ਜਨਕ ਰਾਜ ਨੇ ਕਿਹਾ ਕਿ ਅੰਡਰ ਏੇਜ ਬੱਚਿਆਂ ਲਈ ਕੋਈ ਵੀ ਵਾਹਨ ਚਲਾਉਣ ਨਾ ਦਿੱਤਾ ਜਾਵੇ। ਵਾਹਨਾਂ ਨੂੰ ਸੜਕ ’ਤੇ ਖੜਾ ਕਰਨ ਦੀ ਥਾਂ ਸਹੀ ਪਾਰਕਿੰਗ ਕਰਨ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਕਰਨ, ਸਕੂਲ ਬੱਸਾਂ ਵਿੱਚ ਫਸਟ-ਏਡ ਬਾਕਸ ਰੱਖਣ, ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਦੋ-ਪਹੀਆ ਵਾਹਨ ਚਲਾਉਣ ਸਮੇਂ ’ਤੇ ਹੈਲਮਟ ਪਾਉਣਾ ਯਕੀਨੀ ਬਣਾਉਣ, ਨਸ਼ਾ ਕਰਕੇ ਵਾਹਨ ਨਾ ਚਲਾਉਣ, ਬੁਲਟ ਮੋਟਰ-ਸਾਈਕਲ ਦੇ ਸਾਈਲੈਂਸਰ ਮੋਡੀਫਾਈ ਨਾ ਕਰਵਾਉਣ ਸਮੇਤ ਟਰੈਫ਼ਿਕ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਹਦਾਇਤ ਕੀਤੀ। ਨਾਲ ਹੀ ਲਗਾਤਾਰ ਵੱਧ ਰਹੇ ਸਾਈਬਰ ਕ੍ਰਾਈਮ ਬਾਰੇ ਸਾਵਧਾਨ ਰਹਿਣ ਅਤੇ ਹੈਲਪਲਾਈਨ ਨੰਬਰ 1930 ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਪੁਲੀਸ ਦੀ ਮਦਦ ਲਈ ਹੈਲਪਲਾਈਨ ਨੰਬਰ 112 ਤੇ 181 ਉੱਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ।