ਐਮਪੀਸੀਏ ਵੱਲੋਂ ਗਮਾਡਾ ਦਫ਼ਤਰ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਤਸਵੀਰ ਸਥਾਪਿਤ

ਗਿਆਨੀ ਜ਼ੈਲ ਸਿੰਘ ਨੇ ਕੀਤਾ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਮੁਹਾਲੀ ਦਾ ਨਾਮਕਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਪੀਸੀਏ) ਵੱਲੋਂ ਅੱਜ ਗਮਾਡਾ ਦਫ਼ਤਰ ਵਿੱਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਘੋੜੇ ’ਤੇ ਸਵਾਰ ਬਹੁਤ ਖ਼ੂਬਸੂਰਤ ਤਸਵੀਰ ਸਥਾਪਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਹੈੱਡ ਗ੍ਰੰਥੀ ਨੇ ਅਰਦਾਸ ਕੀਤੀ ਅਤੇ ਦੇਗ ਵਰਤਾਈ। ਇਸ ਉਪਰੰਤ ਪੁੱਡਾ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਅਪਨੀਤ ਕੌਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬੰਸਲ ਨੇ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ।
ਐਮਪੀਸੀਏ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਮੁਹਾਲੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਨਾਂ ’ਤੇ ਵਸਿਆ ਗਿਆ ਹੈ। ਅੱਜ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵੱਡੇ ਸਾਹਿਬਜ਼ਾਦੇ ਦੀ ਤਸਵੀਰ ਗਮਾਡਾ ਦਫ਼ਤਰ ਵਿੱਚ ਸਿੰਗਲ ਵਿੰਡੋ ਗੈਲਰੀ ਵਿੱਚ ਲਗਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁਹਾਲੀ ਵਿੱਚ ਸਥਿਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ, ਸਿੱਖਿਆ ਸਥਾਨਾਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਵੱਡੀ ਤਸਵੀਰ ਸਥਾਪਿਤ ਕੀਤੀ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਮੁਹਾਲੀ ਦੀ ਹੋਂਦ ਅਤੇ ਸਾਹਿਬਜ਼ਾਦਿਆਂ ਬਾਰੇ ਜਾਣਕਾਰੀ ਮਿਲ ਸਕੇ।
ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਗਮਾਡਾ ਦਫ਼ਤਰ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਰਾਣੇ ਦਫ਼ਤਰ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਯਾਦਗਾਰੀ ਤਸਵੀਰ ਲੱਗੀ ਹੋਈ ਸੀ ਪਰ ਜਦੋਂ ਗਮਾਡਾ\ਪੁੱਡਾ ਦੇ ਦਫ਼ਤਰ ਨਵੀਂ ਇਮਾਰਤ ਵਿੱਚ ਸ਼ਿਫ਼ਟ ਹੋਏ ਤਾਂ ਸਾਮਾਨ ਦੀ ਢੋਅ-ਢੁਆਈ ਵਿੱਚ ਕਿਤੇ ਇਹ ਫੋਟੋ ਗੁਆਚ ਗਈ ਸੀ ਜਾਂ ਇਹ ਕਹਿ ਲਓ ਕੋਈ ਸਿੱਖ ਸ਼ਰਧਾਲੂ ਬੇਅਦਬੀ ਦੇ ਡਰੋਂ ਇਹ ਤਸਵੀਰ ਆਪਣੇ ਘਰ ਲੈ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਸਥਾਪਨਾ ਸਬੰਧੀ ਨੀਂਹ ਪੱਥਰ ਦੀ ਸੰਭਾਲ ਅਤੇ ਹਰੇਕ ਸਾਲ ਸਰਕਾਰੀ ਪੱਧਰ ’ਤੇ ਸਥਾਪਨਾ ਦਿਵਸ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ ਜਾਵੇਗੀ।
ਇਸ ਮੌਕੇ ਫਾਉਂਡਰ ਪ੍ਰਧਾਨ ਐਨਕੇ ਮਰਵਾਹਾ, ਚੇਅਰਮੈਨ ਪਾਰਸ ਮਹਾਜਨ, ਮੁੱਖ ਸਰਪ੍ਰਸਤ ਹਰਜਿੰਦਰ ਸਿੰਘ ਧਵਨ, ਸੀਨੀਅਰ ਮੀਤ ਪ੍ਰਧਾਨ ਅਮਿਤ ਮਰਵਾਹਾ, ਰਾਹੁਲ ਸੈਣੀ, ਕੈਸ਼ੀਅਰ ਹਰਪ੍ਰੀਤ ਸਿੰਘ ਲਹਿਲ, ਪ੍ਰੈਸ ਸਕੱਤਰ ਬਲਜੀਤ ਸਿੰਘ, ਅਪਾਰਕੀਰਤ ਸਿੰਘ ਸੋਢੀ, ਕਰਮਜੀਤ ਸਿੰਘ, ਪਰਮਿੰਦਰ ਸਿੰਘ, ਬਲਜੀਤ ਸਿੰਘ ਘੁਲਾਲ, ਦਵਿੰਦਰ ਸਿੰਘ ਅਤੇ ਨਰਿੰਦਰ ਪਾਲ ਮੌਜੂਦ ਸਨ।
ਐਮਪੀਸੀਏ ਦੇ ਮੁੱਖ ਸਰਪ੍ਰਸਤ ਹਰਜਿੰਦਰ ਸਿੰਘ ਧਵਨ ਨੇ ਦੱਸਿਆ ਕਿ 1969 ਵਿੱਚ ਮੁੱਖ ਮੰਤਰੀ ਲਛਮਣ ਸਿੰਘ ਨੇ ਮੁਹਾਲੀ ਸ਼ਹਿਰ ਵਧਾਇਆ ਸੀ ਪ੍ਰੰਤੂ ਛੇ ਸਾਲ ਉਸ ਸਮੇਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ 1975 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਮੁਹਾਲੀ ਦਾ ਨਵਾਂ ਨਾਮਕਰਨ ਕੀਤਾ ਗਿਆ ਲੇਕਿਨ ਅਫ਼ਸੋਸ ਇਸ ਗੱਲ ਦਾ ਹੈ ਕਿ ਅਜੋਕੇ ਸਮੇਂ ਵਿੱਚ ਇਸ ਆਈਟੀ ਸਿਟੀ ਨੂੰ ਮੁਹਾਲੀ ਪ੍ਰਚਾਰਿਆ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਮੁਹਾਲੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਂ ਨਾਲ ਬੋਲਿਆ ਅਤੇ ਲਿਖਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…