
ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਜਿਸ ਵਿੱਚ ਬੀਬੀ ਗੁਰਵਿੰਦਰ ਕੌਰ ਖਾਲਸਾ ਜੰਡਿਆਲਾ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਬਾਬਾ ਜੁਝਾਰ ਸਿੰਘ ਦਾ ਪੂਰਾ ਜੀਵਨ ਬ੍ਰਿਤਾਂਤ ਢਾਡੀ ਵਾਰਾਂ ਵਿੱਚ ਸੁਣਾਇਆ। ਭਾਈ ਸਿਮਰਨਜੀਤ ਸਿੰਘ ਤੇ ਸਾਥੀਆਂ ਨੇ ਆਪਣੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣਾ ਵਾਲੇ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਵੱਲੋਂ ਛੋਟੀ ਉਮਰੇ ਜਬਰ ਅਤੇ ਜੁਲਮ ਖ਼ਿਲਾਫ਼ ਮੁਗਲ ਹਕੂਮਤ ਨਾਲ ਚਮਕੌਰ ਸਾਹਿਬ ਦੀ ਜੰਗ ਵਿੱਚ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਦੇ ਪੂਰੇ ਪ੍ਰਸੰਗ ਬਾਰੇ ਸੰਗਤ ਨੂੰ ਜਾਣੂ ਕਰਵਾਇਆ।

ਇਸ ਮੌਕੇ ਭਾਈ ਏਕਮਜੋਤ ਸਿੰਘ, ਭਾਈ ਹਰਬੀਰ ਸਿੰਘ, ਅਕਾਲ ਕਵੀਸ਼ਰੀ ਜਥਾ, ਭਾਈ ਹਰਪ੍ਰੀਤ ਸਿੰਘ, ਮਾਤਾ ਸੁੰਦਰ ਕੌਰ ਸਰਬ ਸਾਂਝੀ ਸੁਸਾਇਟੀ, ਬੀਬੀ ਤੇਜਿੰਦਰ ਕੌਰ, ਭਾਈ ਜਸਵਿੰਦਰ ਸਿੰਘ, ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ, ਭਾਈ ਸੁਖਵਿੰਦਰ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਸ਼ੇਰ-ਏ-ਪੰਜਾਬ ਕਵੀਸ਼ਰੀ ਜਥਾ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਹਰਬਖ਼ਸ਼ ਸਿੰਘ ਨੇ ਸਾਰਾ ਦਿਨ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਨੇ ਸਾਰੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।