
ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਆਗੂ ਸੱਜਣ ਸਿੰਘ ਦਾ ਜਨਮ ਦਿਨ, ਮੰਗ ਦਿਵਸ ਵਜੋਂ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਪੰਜਾਬ ਭਰ ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਆਗੂ ਅਤੇ ਮੁਲਾਜ਼ਮ ਵਰਗ ਦੇ ਭੀਸ਼ਮ ਪਿਤਾਮਾ ਕਹੇ ਜਾਣ ਵਾਲੇ ਲੋਹ ਪੁਰਸ਼ ਸਵਰਗੀ ਸਾਥੀ ਸੱਜਣ ਸਿੰਘ ਦਾ ਅੱਜ ਜਨਮ ਦਿਨ ਵੱਖ-ਵੱਖ ਜਥੇਬੰਦੀਆਂ ਵੱਲੋਂ ਮੰਗ ਦਿਵਸ ਵਜੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਅੱਜ ਇੱਥੇ ਮੁਹਾਲੀ ਵਿਖੇ ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਅਤੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਸਾਂਝੇ ਤੌਰ ’ਤੇ ਸਥਾਨਕ ਫੇਜ਼-11 ਦੇ ਕਮਿਉਨਿਟੀ ਸੈਂਟਰ ਵਿੱਚ ਸਫ਼ਾਈ ਕਾਮਿਆਂ ਅਤੇ ਮੁਲਾਜ਼ਮਾਂ ਦੀ ਵੱਡੀ ਗਿਣਤੀ ਦੀ ਹਾਜ਼ਰੀ ਵਿੱਚ ਬਾਬਾ ਬੋਹੜ ਸੱਜਣ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅਤੇ ਸਾਲ ਬਾਅਦ ਉੱਘੀ ਸ਼ਖ਼ਸੀਅਤ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ, ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਵਾਇਸ ਪ੍ਰਧਾਨ ਪਵਨ ਗੋਡਯਾਲ, ਵਿੱਤ ਸਕੱਤਰ ਚੰਦਨ ਸਿੰਘ, ਕ੍ਰਿਸ਼ਨ ਪ੍ਰਸਾਦ, ਰਾਜਨ ਚਾਵਰੀਆ, ਸੋਭਾ ਰਾਮ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਸਕੱਤਰ ਕਰਤਾਰ ਪਾਲ ਵਲੋਂ ਵਿਸ਼ੇਸ਼ ਤੌਰ ’ਤੇ ਮਰਹੂਮ ਸਾਥੀ ਸੱਜਣ ਸਿੰਘ ਜੀ ਦੀ ਜੀਵਨੀ ਉੱਤੇ ਚਾਨਣਾ ਪਾਇਆ ਗਿਆ। ਅੱਜ ਦੇ ਇਸ ਸਮਾਗਮ ਵਿੱਚ ਬਾਬਾ ਸੱਜਣ ਸਿੰਘ ਦਾ ਪਰਿਵਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਮਰਜੀਤ ਕੌਰ ਅਤੇ ਬੇਟਾ ਵਰਿੰਦਰਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਮਰਹੂਮ ਸਾਥੀ ਸੱਜਣ ਸਿੰਘ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਖ ਢਾਲਣ ਅਤੇ ਆਪਣੇ ਹੱਕਾਂ ਲਈ ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲਣ ਦਾ ਪ੍ਰਣ ਲੈਂਦਿਆਂ ਐਲਾਨ ਕੀਤਾ ਕਿ ਉਨ੍ਹਾਂ ਦਾ ਜਨਮ ਦਿਨ ਹਰ ਸਾਲ, ਮੰਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ।