nabaz-e-punjab.com

ਸਲਾਮ ਕਾਫਲੇ ਵੱਲੋਂ 25 ਨੂੰ ਹੋ ਰਹੇ ਅਜਮੇਰ ਔਲਖ ਸ਼ਰਧਾਂਜਲੀ ਸਮਾਗਮ ਚ ਸ਼ਮੂਲੀਅਤ ਦਾ ਫੈਸਲਾ

ਸਭਨਾਂ ਲੋਕ ਪੱਖੀ ਜਥੇਬੰਦੀਆਂ ਨੂੰ ਸ਼ਰਧਾਂਜਲੀ ਮੁਹਿੰਮ ਚਲਾਉਣ ਦਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, 18 ਜੂਨ:
ਬੀਤੇ ਦਿਨੀਂ ਵਿਛੜੇ ਉੱਘੇ ਲੋਕ ਪੱਖੀ ਨਾਟਕਕਾਰ ਪ੍ਰੋ. ਅਜਮੇਰ ਔਲਖ ਦੀ ਯਾਦ ਚ 25 ਨੂੰ ਮਾਨਸਾ ਚ ਹੋ ਰਹੇ ਸ਼ਰਧਾਂਜਲੀ ਸਮਾਗਮ ਚ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲੇ ਵੱਲੋਂ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਤੇ ਸਭਨਾਂ ਲੋਕ ਪੱਖੀ ਜਥੇਬੰਦੀਆਂ, ਸਾਹਿਤਿਕ-ਸਭਿਆਚਾਰਕ ਪਲੇਟਫਾਰਮਾਂ/ਸੰਸਥਾਵਾਂ ਨੂੰ ਵੀ ਇਸ ਸਮਾਗਮ ਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਸਲਾਮ ਕਾਫਲੇ ਨੇ ਪ੍ਰੋ. ਔਲਖ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਸ਼ਰਧਾਂਜਲੀ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਲਾਮ ਕਾਫਲੇ ਦੇ ਕਨਵੀਨਰ ਜਸਪਾਲ ਤੇ ਟੀਮ ਮੈਬਰਾਂ ਪਾਵੇਲ ਤੇ ਅਮੋਲਕ ਸਿੰਘ ਨੇ ਕਿਹਾ ਕਿ ਪ੍ਰੋ. ਅਜਮੇਰ ਔਲਖ ਦਾ ਬੇ-ਵਕਤ ਤੁਰ ਜਾਣਾ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਵੱਡਾ ਘਾਟਾ ਤਾਂ ਹੈ ਹੀ, ਇਹ ਲੋਕਾਂ ਦੀ ਸੰਗਰਾਮੀ ਲਹਿਰ ਲਈ ਡੂੰਘਾ ਸੱਲ ਹੈ। ਪ੍ਰੋ. ਔਲਖ ਨੇ ਆਪਣੀ ਨਾਟਕ ਕਲਾ ਨੂੰ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਦੇ ਮਹਾਨ ਕਾਜ਼ ਦਾ ਸਾਧਨ ਬਣਾਇਆ ਤੇ ਉਹ ਉਮਰ ਭਰ ਕਲਾ ਲੋਕਾਂ ਲਈ ਦੇ ਸਿਧਾਂਤ ਦੇ ਧਾਰਨੀ ਰਹੇ। ਉਹਨਾਂ ਦੇ ਨਾਟਕਾਂ ਨੇ ਪੰਜਾਬ ਦੇ ਕਿਰਤੀ-ਕਿਸਾਨਾਂ ਚ ਚੇਤਨਾ ਦੀਆਂ ਚਿਣਗਾਂ ਜਗਾਈਆਂ ਤੇ ਸੰਘਰਸ਼ਾਂ ਲਈ ਜ਼ਮੀਨ ਤਿਆਰ ਕਰਨ ਦਾ ਵੱਡਮੁੱਲਾ ਰੋਲ ਅਦਾ ਕੀਤਾ। ਮਾਲਵੇ ਦਾ ਕਿਸਾਨੀ ਜੀਵਨ ਉਹਨਾਂ ਦੇ ਨਾਟਕਾਂ ਦਾ ਧੁਰਾ ਬਣਿਆ ਰਿਹਾ ਤੇ ਉਹਨਾਂ ਨੇ ਕਿਰਤੀ ਕਿਸਾਨਾਂ ਦੇ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਬਹੁਤ ਕਲਾਮਈ ਢੰਗ ਨਾਲ ਚਿਤਰਿਆ। ਉਹਨਾਂ ਦੇ ਤੁਰ ਜਾਣ ਮਗਰੋਂ ਪੰਜਾਬੀ ਨਾਟਕ ਜਗਤ ਇੱਕ ਅਜਿਹੀ ਪ੍ਰਤਿਭਾ ਤੋਂ ਸੱਖਣਾ ਹੋ ਗਿਆ ਹੈ ਜਿਸ ਕੋਲ ਪੰਜਾਬ ਕਿਸਾਨੀ ਜੀਵਨ ਦੀਆਂ ਹੇਠਲੀਆਂ ਤੈਆਂ ਤੱਕ ਦੀ ਡੂੰਘੀ ਪਕੜ ਮੌਜੂਦ ਸੀ ਜੋ ਅਜੇ ਕਿਸੇ ਹੋਰ ਪੰਜਾਬੀ ਨਾਟਕਕਾਰ ਕੋਲ ਨਜ਼ਰ ਨਹੀਂ ਆਉਂਦੀ। ਉਹਨਾਂ ਦੇ ਜਾਣ ਬਾਅਦ ਪੈਦਾ ਹੋਏ ਅਜਿਹੇ ਖਲਾਅ ਨੂੰ ਭਰਨ ਲਈ ਅਜੇ ਸਮਾਂ ਲੱਗਣਾ ਹੈ। ਇਹ ਖਲਾਅ ਪੂਰਨ ਲਈ ਪੰਜਾਬੀ ਕਲਾ ਜਗਤ ਨੂੰ ਤਾਣ ਜਟਾਉਣਾ ਪੈਣਾ ਹੈ। ਜਿਕਰਯੋਗ ਹੈ ਕਿ ਸਲਾਮ ਕਾਫਲੇ ਵੱਲੋਂ ਪ੍ਰੋ. ਔਲਖ ਦੀ ਸਾਹਿਤਕ ਦੇਣ ਨੂੰ ਉਭਾਰਨ ਲਈ ਦੋ ਵਰ੍ਹੇ ਪਹਿਲਾਂ ਇੱਕ ਵੱਡੀ ਜਨਤਕ ਮੁਹਿੰਮ ਚਲਾਈ ਗਈ ਸੀ ਤੇ ਉਸਦੇ ਸਿਖਰ ਤੇ ਹਜਾਰਾਂ ਲੋਕਾਂ ਦੇ ਵਿਸ਼ਾਲ ਇਕੱਠ ਚ ਪ੍ਰੋ. ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਨਿਵਾਜਿਆ ਗਿਆ ਸੀ। ਅਜਿਹੇ ਇਨਕਲਾਬੀ ਜਨਤਕ ਸਨਮਾਨ ਨਾਲ ਸਨਮਾਨੀ ਜਾਣ ਵਾਲ ਗੁਰਸ਼ਰਨ ਸਿੰਘ ਤੋਂ ਬਾਅਦ ਉਹ ਦੂਸਰੀ ਸਖਸ਼ੀਅਤ ਸਨ। ਸਲਾਮ ਕਾਫਲਾ ਆਗੂਆਂ ਨੇ ਦੱਸਿਆ ਕਿ ਹੁਣ ਵੀ ਪ੍ਰੋ. ਔਲਖ ਨੂੰ ਸ਼ਰਧਾਂਜਲੀ ਦਾ ਅਸਲ ਅਰਥ ਉਹਨਾਂ ਦੀ ਸਾਹਿਤਕ ਘਾਲਣਾ ਦੇ ਮਹੱਤਵ ਨੂੰ ਉਭਾਰਨਾ ਹੈ। ਉਹਨਾਂ ਨੂੰ ਸ਼ਰਧਾਂਜਲੀ ਵੱਲੋਂ ਮੀਟਿੰਗਾਂ, ਰੈਲੀਆਂ ਤੇ ਇਕੱਤਰਤਾਵਾਂ ਦੀ ਲੜੀ ਛਿੜ ਪਈ ਹੈ ਜੋ ਆਉਂਦੇ ਦਿਨਾਂ ਚ ਵੀ ਜਾਰੀ ਰੱਖੀ ਜਾਵੇਗੀ। ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਸੰਸਥਾਵਾਂ ਚ ਸਥਾਨਕ ਪੱਧਰਾਂ ਤੇ ਸ਼ਰਧਾਂਜਲੀਆਂ ਭੇਂਟ ਕਰਕੇ 25 ਜੂਨ ਦੇ ਸਮਾਗਮ ਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਹਨਾਂ ਨੇ ਸਭਨਾਂ ਲੋਕ ਪੱਖੀ ਸਾਹਿਤਕਾਰਾਂ, ਕਲਾਕਾਰਾਂ, ਸਾਹਿਤਕ ਸਭਿਆਚਾਰਕ ਪਲੇਟਫਾਰਮਾਂ, ਰੰਗਕਰਮੀਆਂ ਤੇ ਸਾਹਿਤਕ ਜਥੇਬੰਦੀਆਂ/ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਸਲਾਮ ਕਾਫਲੇ ਦੀ ਇਸ ਮੁਹਿੰਮ ਚ ਹੱਥ ਵਟਾਉਣ ਲਈ ਅੱਗੇ ਆਉਣ ਤਾਂ ਕਿ ਕਲਾ ਤੇ ਲੋਕ ਸੰਘਰਸ਼ਾਂ ਦੇ ਰਿਸ਼ਤੇ ਨੂੰ ਹੋਰ ਉਚਾਈਆਂ ਤੇ ਪਹੁੰਚਾਉਣ ਦਾ ਸੰਦੇਸ਼ ਵੀ ਉੱਚਾ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …