5 ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ, ਜੰਗਲਾਤ ਕਾਮਿਆਂ ਨੇ ਵਣ ਭਵਨ ਘੇਰਿਆ

ਪ੍ਰਧਾਨ ਮੁੱਖ ਵਣ ਪਾਲ ਨੇ ਮੀਟਿੰਗ ਕਰਨ ਤੋਂ ਟਾਲਾ ਵੱਟਣ ਦੇ ਰੋਸ ਵਜੋਂ ਜੰਗਲਾਤ ਕਾਮਿਆਂ ਨੇ ਕੀਤੀ ਨਾਅਰੇਬਾਜ਼ੀ

17 ਅਗਸਤ ਤੋਂ ਵਣ ਭਵਨ ਸਥਿਤ ਮੁੱਖ ਵਣਪਾਲ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਵਣ ਭਵਨ ਦਾ ਘਿਰਾਓ ਕਰਕੇ ਪ੍ਰਧਾਨ ਮੁੱਖ ਵਣਪਾਲ ਆਰਕੇ ਮਿਸ਼ਰਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾ ਪ੍ਰਦਰਸ਼ਨ ਦੀ ਅਗਵਾਈ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਵਿੱਤ ਸਕੱਤਰ ਸ਼ਿਵ ਕੁਮਾਰ ਰੂਪਨਗਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ ਅਤੇ ਰਣਜੀਤ ਸਿੰਘ ਗੁਰਦਾਸਪੁਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 5 ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸ ਰਹੇ ਹਨ।
ਜੰਗਲਾਤ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਤਨਖ਼ਾਹਾਂ ਨਾ ਮਿਲਣ ਅਤੇ ਆਪਣੀਆਂ ਹੋਰ ਜਾਇਜ਼ ਮੰਗਾਂ ਸਬੰਧੀ ਅੱਜ ਪ੍ਰਧਾਨ ਮੁੱਖ ਵਣਪਾਲ ਨਾਲ ਮੁਲਾਕਾਤ ਕਰਨ ਆਏ ਸੀ ਪਰ ਉੱਚ ਅਧਿਕਾਰੀ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਟਾਲਾ ਵੱਟਣ ਦੇ ਰੋਸ ਵਜੋਂ ਜੰਗਲਾਤ ਕਾਮਿਆਂ ਨੇ ਵਣ ਭਵਨ ਦਾ ਘਿਰਾਓ ਕਰਕੇ ਪ੍ਰਧਾਨ ਮੁੱਖ ਵਣਪਾਲ ਅਤੇ ਸਰਕਾਰ ਨੂੰ ਰੱਜ ਕੇ ਕੋਸਿਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਉਨ੍ਹਾਂ ਨੂੰ ਤਨਖ਼ਾਹਾਂ ਨਾ ਦਿੱਤੀਆਂ ਅਤੇ ਹੋਰ ਜਾਇਜ਼ ਮੰਗਾਂ ਲਾਗੂ ਨਾ ਕੀਤੀਆਂ ਤਾਂ 17 ਅਗਸਤ ਤੋਂ ਵਣ ਭਵਨ ਦੇ ਬਾਹਰ ਪੱਕਾ ਲਗਾਇਆ ਜਾਵੇਗਾ।
ਛਿੰਦਰਪਾਲ ਸਿੰਘ ਛੱਤਬੀੜ, ਵਿਰਸਾ ਸਿੰਘ, ਮਲਕੀਤ ਸਿੰਘ ਮੁਕਤਸਰ, ਸ਼ੇਰ ਸਿੰਘ ਸਰਹਿੰਦ ਅਤੇ ਸਤਿਨਾਮ ਸਿੰਘ ਸੰਗਰੂਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੂਰੀ ਹਲਕੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਆਮਦ ’ਤੇ ਬੀਤੀ 5 ਅਗਸਤ ਨੂੰ 72ਵਾਂ ਵਣ ਮਹਾਂਉਤਸਵ ਮਨਾਉਣ ’ਤੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਪ੍ਰੰਤੂ ਪਿਛਲੇ 5 ਮਹੀਨਿਆਂ ਤੋਂ ਤਨਖ਼ਾਹਾਂ ਨੂੰ ਉਡੀਕ ਰਹੇ ਜੰਗਲਾਤ ਕਾਮਿਆਂ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ।
ਇਸੇ ਦੌਰਾਨ ਬਲਵੀਰ ਸਿੰਘ ਤਰਨਤਾਰਨ, ਬੂਟਾ ਸਿੰਘ ਸਮਰਾਲਾ, ਮਨਿੰਦਰ ਸਿੰਘ ਸੀਵਾਂ ਅਤੇ ਰਣਜੀਤ ਸਿੰਘ ਛੱਤਬੀੜ ਚਿੜੀਆਘਰ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਡੇਲੀਵੇਜ ਕਾਮੇ ਪਿਛਲੇ 25-25 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ ਪ੍ਰੰਤੂ 75 ਸਾਲਾਂ ਤੋਂ ਪੰਜਾਬ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਸਨ ਪਰ ਤੀਜੇ ਬਦਲ ਵਜੋਂ ਸੱਤਾ ਸੰਭਾਲਣ ਵਾਲੀ ਇਹ ਸਰਕਾਰ ਵੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਰਾਹ ਪੈ ਗਈ ਹੈ। ਕੱਚੇ ਕਾਮਿਆਂ ਨੂੰ ਨਾ ਤਨਖ਼ਾਹਾਂ ਮਿਲੀਆਂ ਅਤੇ ਨਾ ਹੀ ਘੱਟੋ-ਘੱਟ ਉਜ਼ਰਤਾਂ ਵਿੱਚ ਕੋਈ ਵਾਧਾ ਕੀਤਾ ਗਿਆ।
ਬਲਵੀਰ ਪਟਿਆਲਾ, ਜਸਵਿੰਦਰ ਗਾਗਾ, ਮਨਜੀਤ ਸਿੰਘ, ਨਿਸ਼ਾਨ ਸਿੰਘ ਨੇ ਕਿਹਾ ਕਿ ਆਪ ਲੀਡਰਸ਼ਿਪ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ, ਕਿਰਤੀਆਂ, ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਘੱਟੋ-ਘੱਟ ਉਜ਼ਰਤਾਂ ਵਿੱਚ ਵਾਧਾ ਕੀਤਾ ਜਾਵੇਗਾ ਪਰ ਆਪ ਦੇ ਇਹ ਵਾਅਦੇ ਖੋਖਲੇ ਸਾਬਤ ਹੋਏ। ਸਰਕਾਰ ਨੇ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…