ਪੁਕਾਰੇ ਵਰਕਰਾਂ ਦੀ ਆਤਮਾ, ਸਾਲੇ ਭਣੋਈਏ ਨੇ ਕੀਤਾ ਅਕਾਲੀ ਦਲ ਦਾ ਖਾਤਮਾ: ਜਥੇਦਾਰ ਅਮਰੀਕ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਬੀਤੇ ਕੱਲ੍ਹ ਆਏ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਮੁਹਾਲੀ ਨੇ ਦੁਖੀ ਮਨ ਨਾਲ ਕਿਹਾ ਕਿ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਨਿਰਾਸ਼ਾਜਨਕ ਹਾਰ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇੱਥੇ ਉਨ੍ਹਾਂ ਕਿਹਾ ਕਿ ਇੱਕ ਸਦੀ ਪਹਿਲਾ ਅਨੇਕਾਂ ਕੁਰਬਾਨੀਆਂ ਸਦਕਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਮਹਿਜ਼ ਤਿੰਨ ਸੀਟਾਂ ’ਤੇ ਸਿਮਟ ਕੇ ਰਹਿਣ ਜਾਣਾ, ਬਹੁਤ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਆਪਣੇ ਅੰਜਾਮ ਵਿੱਚ ‘ਪੁਕਾਰੇ ਵਰਕਰਾਂ ਦੀ ਆਤਮਾ ਸਾਲੇ ਭਣੋਈਏ ਨੇ ਕੀਤਾ ਅਕਾਲੀ ਦਲ ਦਾ ਖਾਤਮਾ’ ਕਹਿ ਕੇ ਗੱਲ ਨੂੰ ਅੱਗੇ ਤੋਰਿਆ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਨੀਤੀਆਂ ਕਾਰਨ ਹੀ ਉਹ ਸਿਆਸੀ ਸਰਗਰਮੀਆਂ ਘਟਾ ਕੇ ਘਰ ਬੈਠ ਗਏ ਸਨ।
ਜਥੇਦਾਰ ਅਮਰੀਕ ਸਿੰਘ ਨੇ ਕਿਹਾ ਕਿ ਚੋਣਾਂ ਵਿੱਚ ਮਿਲੀ ਕਰਾਰ ਹਾਰ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚਾ ਬਾਦਲ ਪਰਿਵਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਇੱਥੇ ਇਹ ਗੱਲ ਵੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਉਹ ਸਿਆਸੀ ਧਿਰਾਂ ਅੱਜ ਪੰਜਾਬ ਦੀ ਸੱਤਾ ਤੋਂ ਲਾਂਭੇ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਗੁਰੂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਨੂੰ ਮੁਆਫ਼ ਨਹੀਂ ਕਰਦਾ। ਸੋ ਇਹ ਗੱਲ ਕਦੇ ਵੀ ਭੱੁਲਣੀ ਨਹੀਂ ਚਾਹੀਦੀ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਟਕਸਾਲੀ ਆਗੂਆਂ ਅਤੇ ਮੋਹਰੀ ਜਥੇਦਾਰਾਂ ਦੀਆਂ ਕੁਰਬਾਨੀਆਂ ਦਾ ਮੁੱਲ ਵਟਿਆ, ਵਰਕਰਾਂ ਦੇ ਪਹਿਰੇਦਾਰੀ ਦੀ ਖੱਟੀ ਖਾਧੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਪਾਰਟੀ ਆਗੂਆਂ ਨੇ ਆਪਣੇ ਮਹਿਲ ਮੁਨਾਰੇ, ਜ਼ਮੀਨ ਜਾਇਦਾਦਾਂ ਅਤੇ ਵਿਦੇਸ਼ਾਂ ਵਿੱਚ ਹੋਟਲ ਬਣਾਏ ਅਤੇ ਜਥੇਦਾਰਾਂ ਨੂੰ ਮਿਲਣ ਤੋਂ ਵੀ ਹੁੱਜਾਂ ਅਤੇ ਕੂਹਣੀਆਂ ਮਰਵਾਉਂਦੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 2-2 ਘੰਟੇ ਘਰ ਅਤੇ ਦਫ਼ਤਰ ਦੇ ਬਾਹਰ ਬਾਹਰ ਉਡੀਕਦੇ ਰਹਿੰਦੇ ਸਨ। ਇਸ ਤੋਂ ਉਲਟ ਸਿਰਸੇ ਵਾਲੇ ਸਾਧ ਵਰਗੇ ਅਤੇ ਨੱਚਣ ਟੱਪਣ ਵਾਲੇ ਕਲਾਕਾਰ ਉਨ੍ਹਾਂ ਨਾਲ ਹਾਸਾ ਠੱਠਾ ਕਰਦੇ ਰਹਿੰਦੇ ਸੀ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂਆਂ ਦੀ ਆਪਹੁਦਰੀਆਂ ਕਾਰਨ ਅਕਾਲੀ ਦਲ ਦੇ ਵੱਕਾਰ ਨੂੰ ਢਾਹ ਲੱਗੀ ਹੈ। ਵਫ਼ਾਦਾਰ ਵਰਕਰਾਂ ਨੂੰ ਕਥਿਤ ਬੇਇੱਜ਼ਤ ਕਰਨਾ ਅਤੇ ਬੇਅਦਬੀ ਦੀਆਂ ਘਟਨਾਵਾਂ ਲਈ ਰਾਜ ਦੇ ਲੋਕ ਕਦੇ ਵੀ ਜ਼ਿੰਮੇਵਾਰ ਵਿਅਕਤੀਆਂ ਨੂੰ ਮੁਆਫ਼ ਨਹੀਂ ਕਰਨਗੇ।
ਟਕਸਾਲੀ ਜਥੇਦਾਰ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਸ ਪਾਰਟੀ ਵਿੱਚ ਹੁਣ ਕੁਰਬਾਨੀਆਂ ਵਾਲੇ ਪਰਿਵਾਰ ਟਾਂਵੇਂ-ਟਾਂਵੇਂ ਹੀ ਨਜ਼ਰ ਆਉਂਦੇ ਹਨ ਜਦੋਂਕਿ ਘੋਨੇ-ਮੋਨੇ ਅਤੇ ਕਾਰੋਬਾਰੀ ਲੋਕ ਦਾ ਵੱਧ ਬੋਲਬਾਲਾ ਹੈ ਅਤੇ ਸੁਣੀ ਵੀ ਉਨ੍ਹਾਂ ਦੀ ਹੀ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੇ ਪੁਰਾਣੇ ਅਤੇ ਟਕਸਾਲੀ ਜਥੇਦਾਰ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਉਨ੍ਹਾਂ ਅਫ਼ਸੋਸ ਜਾਹਰ ਕਰਦਿਆਂ ਕਿਹਾ ਕਿ 95 ਸਾਲਾਂ ਪ੍ਰਕਾਸ਼ ਸਿੰਘ ਬਾਦਲ ਦਾ ਹਾਲੇ ਰਾਜਭਾਗ ਦਾ ਸੁੱਖ ਭੋਗਣ ਤੋਂ ਮੋਹ ਭੰਗ ਨਹੀਂ ਹੋਇਆ ਹੈ। ਹਾਲਾਂਕਿ ਚਾਰ-ਪੰਜ ਗੰਨਮੈਨ ਫੜ ਕੇ ਉਨ੍ਹਾਂ ਨੂੰ ਉਠਾਉਂਦੇ ਅਤੇ ਬਿਠਾਉਂਦੇ ਹਨ ਪਰ ਵੱਡੇ ਬਾਦਲ ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਲੋਚਦੇ ਹਨ। ਪੁੱਤਰ ਮੋਹ ਵਿੱਚ ਫਸ ਕੇ ਪਾਰਟੀ ਦੇ ਵਡੇਰੇ ਹਿੱਤਾਂ ਨੂੰ ਢਾਹ ਲਗਾਉਣ ਕਾਰਨ ਹੀ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਮੌਕਾ ਸੰਭਾਲਿਆ ਤਾਂ ਇਸ ਤੋਂ ਵੀ ਬਦਤਰ ਹਾਲਤ ਬਣ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …