ਰਾਹਤ ਦਾ ਮੱਲ੍ਹਮ: ਬੇਮੌਸਮੀ ਬਾਰਸ਼ ਦੇ ਝੰਬੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਕੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਪੰਜਾਬ ਸਰਕਾਰ ਨੇ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਗਿਰਦਾਵਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਪੀੜਤ ਕਿਸਾਨਾਂ ਨੂੰ ਅੱਜ ਤੋਂ ਮੁਆਵਜ਼ੇ ਦੇ ਭੁਗਤਾਨ ਕਰਨਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਪੀੜਤ ਕਿਸਾਨਾਂ ਲਈ ਫੌਰੀ ਵਿੱਤੀ ਮਦਦ ਲਈ 50 ਲੱਖ ਰੁਪਏ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।
ਏਡੀਸੀ ਬਰਾੜ ਨੇ ਦੱਸਿਆ ਕਿ ਬੁੱਧਵਾਰ ਨੂੰ ਆਨਲਾਈਨ ਵਿਧੀ ਰਾਹੀਂ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਅਦਾਇਗੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਭਲਕੇ ਵੀਰਵਾਰ ਨੂੰ ਸਰਕਾਰੀ ਛੁੱਟੀ ਦੇ ਬਾਵਜੂਦ ਸਰਕਾਰੀ ਖ਼ਜ਼ਾਨਾ ਦਫ਼ਤਰ ਖੁੱਲ੍ਹਾ ਰਹੇਗਾ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਨਾਲ ਹੀ ਉਨ੍ਹਾਂ ਨੇ ਮਾਲ ਵਿਭਾਗ ਦੇ ਲੰਬਿਤ ਪਏ ਕੇਸਾਂ ਦੇ ਛੇਤੀ ਨਿਪਟਾਰੇ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਸ੍ਰੀਮਤੀ ਬਰਾੜ ਨੇ ਮੁਹਾਲੀ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਕੰਮਾਂ ਕਾਰਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਬਕਾਇਆ ਕੇਸਾਂ ਦਾ ਨਿਬੇੜਾ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਸਖ਼ਤੀ ਨਾਲ ਆਖਿਆ ਕਿ ਮਾਲ ਵਿਭਾਗ ਸਾਰੇ ਕੰਮ ਮਿੱਥੇ ਸਮੇਂ ਵਿੱਚ ਨੇਪਰੇ ਚਾੜੇ ਚਾੜੇ ਜਾਣ ਅਤੇ ਇਸ ਸਬੰਧੀ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀਆਂ ਦੀ ਲੇਟਲਤੀਫ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਨੇ ਨਿਸ਼ਾਨਦੇਹੀਆਂ, ਤਕਸੀਮ, ਫ਼ੌਜਦਾਰੀ ਕੇਸਾਂ, ਝਗੜੇ ਰਹਿਤ ਇੰਤਕਾਲਾਂ, ਝਗੜੇ ਵਾਲੇ ਇੰਤਕਾਲਾਂ, ਆਦਿ ਕੇਸਾਂ ਦਾ ਨਿਪਟਾਰਾ ਛੇਤੀ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇੰਤਕਾਲਾਂ ਸਬੰਧੀ ਵੈਰੀਫਿਕੇਸ਼ਨ ਤੇ ਹੋਰ ਬਕਾਇਆ ਕਾਰਜ ਜਲਦੀ ਪੂਰੇ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡਾਂ ਦੇ ਲਾਲ ਲਕੀਰ ਦੇ ਅੰਦਰ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਸਬੰਧੀ ਨਕਸ਼ੇ ਪੂਰੀ ਤਰ੍ਹਾਂ ਦਰੁਸਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਪਟਵਾਰੀਆਂ ਦੇ ਰਿਕਾਰਡ ਦੀ ਸਮੇਂ-ਸਮੇਂ ’ਤੇ ਚੈਕਿੰਗ ਕਰਨ ਦੇ ਆਦੇਸ਼ ਦਿੱਤੇ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੀਆਂ ਸਮੂਹ ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਖਰੀਦ ਏਜੰਸੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ। ਮੰਡੀਆਂ ਵਿੱਚ ਬਰਦਾਨੇ ਸਮੇਤ ਬਿਜਲੀ-ਪਾਣੀ, ਸਫ਼ਾਈ ਦੀ ਵਿਵਸਥਾ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸਬੰਧੀ ਖ਼ੁਦ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ ਅਤੇ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …