
ਸਮਾਜਵਾਦੀ ਪਾਰਟੀ ਦਾ ਕਾਟੋ ਕਲੇਸ਼ ਚੋਣ ਕਮਿਸ਼ਨ ਦੇ ਦਰਬਾਰ ਪੁੱਜਾ, ਮੁਲਾਇਮ ਵੱਲੋਂ 5 ਜਨਵਰੀ ਦਾ ਇਜਲਾਸ ਮੁਲਤਵੀ
ਮੁਲਾਇਮ ਸਿੰਘ ਯਾਦਵ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ, ਅਖਿਲੇਸ ਯਾਦਵ ਤੇ ਸਾਥੀ ਅੱਜ ਮਿਲਨਗੇ ਚੋਣ ਕਮਿਸ਼ਨ ਨੂੰ
ਯੂ.ਪੀ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਪਿਊ-ਪੁੱਤ ਵਿੱਚ ਸਮਝੌਤਾ ਹੋਣ ਦੀ ਆਸ, ਵੱਡੇ ਪੱਧਰ ’ਤੇ ਯਤਨ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਲਖਨਊ, 2 ਜਨਵਰੀ:
ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਸਮਾਜਵਾਦੀ ਪਾਰਟੀ ਦਾ ਕਾਟੋ ਕਲੇਸ਼ ਅੱਜ ਚੋਣ ਕਮਿਸ਼ਨ ਦੀ ਕਚਹਿਰੀ ਵਿੱਚ ਪਹੁੰਚ ਗਿਆ ਹੈ। ਸੱਤਾ ਦੇ ਨਸ਼ੇ ਵਿੱਚ ਚੂਰ ਯੂ.ਪੀ ਦੇ ਮੁੱਖ ਮੰਤਰੀ ਅਖਿਲੇਸ ਯਾਦਵ ਆਪਣੇ ਗੁਰੂ ਪਿਤਾ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਕੁਰਸੀ ਦੇ ਮੋਹ ਵਿੱਚ ਫਸ ਗਏ। ਇਸ ਘਟਨਾ ਨੇ ਖੂਨ ਦੇ ਰਿਸ਼ਤਿਆਂ ਦਾ ਘਾਣ ਕਰਦਿਆਂ ਇਨਸਾਨੀਅਤ ਨੂੰ ਵੀ ਕਲੰਕਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ।
ਉਧਰ, ਮੁਲਾਇਮ ਸਿੰਘ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਖ਼ੁਦ ਨੂੰ ਪਾਰਟੀ ਮੁਖੀ ਦੱਸਦਿਆਂ ਪਾਰਟੀ ਦਾ ਚੋਣ ਨਿਸ਼ਾਨ ਉਨ੍ਹਾਂ ਨੂੰ ਦੇਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਐਤਵਾਰ ਨੂੰ ਉਸ ਦੇ ਬੇਟੇ ਅਖਿਲੇਸ ਯਾਦਵ ਵੱਲੋਂ ਲਖਨਊ ਵਿੱਚ ਕੀਤੀ ਕੌਮੀ ਕਨਵੈਨਸ਼ਨ ਪੂਰੀ ਤਰ੍ਹਾਂ ਨਾਲ ਗ਼ੈਰ ਸੰਵਿਧਾਨਿਕ ਹੈ ਅਤੇ ਉਹ (ਮੁਲਾਇਮ ਸਿੰਘ) ਅੱਜ ਵੀ ਪਾਰਟੀ ਦੇ ਚੀਫ਼ ਹਨ। ਉਂਜ ਥੋੜ੍ਹੀ ਨਰਮੀ ਦਿਖਾਉਂਦਿਆਂ 5 ਜਨਵਰੀ ਨੂੰ ਲਖਨਊ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਲਈ ਪਾਰਟੀ ਵਰਕਰਾਂ ਅਤੇ ਆਪਣੇ ਸਮਰਥਕਾਂ ਦਾ ਸੱਦੇ ਇਜਲਾਸ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਦੂਜੇ ਪਾਸੇ ਅਖਿਲੇਸ ਭਲਕੇ 3 ਜਨਵਰੀ ਨੂੰ ਚੋਣ ਕਮਿਸ਼ਨ ਨੂੰ ਮਿਲਣਗੇ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਦੁਪਹਿਰ ਸਾਢੇ 12 ਵਜੇ ਦਾ ਸਮਾਂ ਦਿੱਤਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਇਸ ਸਮੇਂ ਜੋ ਭੂਚਾਲ ਆਇਆ ਹੈ। ਉਸ ਦੀ ਨੀਂਹ ਸਾਲ ਪਹਿਲਾਂ ਹੀ ਰੱਖੀ ਗਈ ਸੀ। ਕਿਉਂਕਿ ਸਮਾਜਵਾਦੀ ਦੋ ਧੜਿਆਂ ਵਿੱਚ ਵੰਡੀ ਗਈ ਸੀ। ਇੱਕ ਧੜੇ ਦੀ ਅਗਵਾਈ ਮੁਲਾਇਮ ਸਿੰਘ ਯਾਦਵ ਖ਼ੁਦ ਕਰ ਰਹੇ ਸੀ ਜਦੋਂ ਕਿ ਦੂਜੇ ਧੜੇ ਦੀ ਅਗਵਾਈ ਮੁੱਖ ਮੰਤਰੀ ਅਖਿਲੇਸ ਯਾਦਵ ਕਰ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੁੱਝ ਸਮੇਂ ਤੋਂ ਅਮਰ ਸਿੰਘ ਅਤੇ ਸ਼ਿਵਪਾਲ ਪਾਰਟੀ ਵਿੱਚ ਭਾਰੂ ਹੁੰਦੇ ਜਾ ਰਹੇ ਸੀ ਅਤੇ ਇਨ੍ਹਾਂ ਦੋਵਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਪਿਊ-ਪੁੱਤ ਨੇ ਮਿਲ ਕੇ ਸਾਜ਼ਿਸ਼ ਰਚੀ ਹੈ। ਜਿਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਨ। ਪਾਰਟੀ ਵਿੱਚ ਇੱਕ ਦੂਜੇ ਦੀ ਵਿਰੋਧਤਾ ਮਹਿਜ਼ ਸਿਰਫ਼ ਅੱਖਾਂ ਦਾ ਧੋਖਾ ਹੈ ਅਤੇ ਅੰਦਰੋਂ ਪਿਊ-ਪੁੱਤ ਇੱਕ ਹੀ ਹਨ। ਰਾਜਨੀਤਕ ਪੰਡਿਤਾਂ ਦਾ ਵੀ ਇਹ ਮੰਨਣਾ ਸੀ ਕਿ ਗੱਲ ਘਰ ਦੀ ਘਰ ਵਿੱਚ ਰਹਿ ਜਾਵੇਗੀ ਪਰ ਹੁਣ ਗੱਲ ਘਰ ਤੋਂ ਬਾਹਰ ਆ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਜਨੀਤਕ ਤੌਰ ’ਤੇ ਬਹੁਤ ਵੱਡੇ ਕਦਵਾਰ ਨੇਤਾ ਮੁਲਾਇਮ ਸਿੰਘ ਯਾਦਵ ਨੂੰ ਅਜਿਹਾ ਜਬਰਦਸਤ ਝਟਕਾ ਲੱਗਾ ਹੈ ਕਿ ਹੁਣ ਉਸ ਦੇ ਬੇਟੇ ਹੀ ਉਸ ਨੂੰ ਰਾਜਨੀਤੀ ਵਿੱਚ ਬੌਣਾ ਬਣਾ ਦਿੱਤਾ ਹੈ।
ਉਧਰ, ਜਦੋਂ ਇਸ ਸਬੰਧੀ ਯੂ.ਪੀ. ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੋਈ ਰਾਜਸੀ ਸ਼ਕਤੀ ਦੀ ਲੜਾਈ ਨਹੀਂ ਹੈ। ਬਲਕਿ ਪਿਊ-ਪੁੱਤ ਅਤੇ ਹੋਰ ਨੇੜਲਿਆਂ ਵਿੱਚ ਪੈਦਾ ਹੋਏ ਆਪਸੀ ਮਟਮਟਾਊ ਹੈ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਹ ਪਰਿਵਾਰਕ ਝਗੜਾ ਜਲਦੀ ਹੱਲ ਹੋ ਜਾਵੇਗਾ। ਇਸ ਸਬੰਧੀ ਵੱਡੇ ਪੱਧਰ ’ਤੇ ਵਿਚੋਲਿਆਂ ਵੱਲੋਂ ਯਤਨ ਜਾਰੀ ਹਨ। ਜਿਨ੍ਹਾਂ ’ਚੋਂ ਉਹ ਇੱਕ ਹਨ।
ਉਂਜ ਸ੍ਰੀ ਰਾਮੂਵਾਲੀਆ ਨੇ ਇਹ ਵੀ ਖੁਲਾਸਾ ਕੀਤਾ ਕਿ 224 ਵਿਧਾਇਕਾਂ ’ਚੋਂ 117 ਵਿਧਾਇਕ, ਮੰਤਰੀ, ਰਾਜ ਸਭਾ ਮੈਂਬਰ ਅਤੇ 5 ਸੰਸਦ ਮੈਂਬਰਾਂ ’ਚੋਂ 4 ਸੰਸਦ ਮੈਂਬਰਾਂ, ਪਾਰਟੀ ਦੇ ਕਰੀਬ 90 ਤੋਂ 92 ਫੀਸਦੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਅਹੁਦੇਦਾਰ ਅਖਿਲੇਸ ਯਾਦਵ ਨਾਲ ਆ ਕੇ ਚਟਾਨ ਵਾਂਗ ਖੜੇ ਹੋ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਮੌਜੂਦਾ ਹਾਲਾਤ ਜਿਵੇਂ ਮਰਜ਼ੀ ਦੇ ਹੋਣ ਪ੍ਰੰਤੂ ਅਖਿਲੇਸ ਯਾਦਵ ਅਤੇ ਹੋਰ ਕੋਈ ਵੀ ਨੇਤਾ ਜੀ ਦੇ ਖ਼ਿਲਾਫ਼ ਇੱਕ ਸ਼ਬਦ ਤੱਕ ਨਹੀਂ ਬੋਲਦੇ। ਇਹੀ ਨਹੀਂ ਬੀਤੇ ਦਿਨੀਂ ਜਨਰਲ ਇਜਲਾਸ ਵਿੱਚ ਨੇਤਾ ਜੀ ਮੁਲਾਇਮ ਸਿੰਘ ਯਾਦਵ ਨੂੰ ਪਾਰਟੀ ਦਾ ਸਰਪ੍ਰਸਤ ਬਣਾ ਕੇ ਸਤਿਕਾਰ ਦਿੱਤਾ ਗਿਆ ਹੈ।
ਉਨ੍ਹਾਂ ਕੱਲ ਹੋਏ ਜਨਰਲ ਇਜਲਾਸ ਨੂੰ ਪੂਰੀ ਤਰ੍ਹਾਂ ਸੰਵਿਧਾਨਕ ਦੱਸਦਿਆਂ ਇਹ ਵੀ ਖੁਲਾਸਾ ਕੀਤਾ ਕਿ ਜਿਹੜੇ ਚੰਦ ਕੁ ਬੰਦੇ ਕੱਲ ਨੇਤਾ ਜੀ ਵੱਲੇ ਚਲੇ ਗਏ ਸਨ। ਉਨ੍ਹਾਂ ’ਚੋਂ ਕਈਆਂ ਨੇ ਅਖਿਲੇਸ ਤੋਂ ਮੁਆਫ਼ੀ ਮੰਗੀ ਹੈ ਅਤੇ ਕਈ ਵਾਪਸ ਆਉਣੇ ਵੀ ਸ਼ੁਰੂ ਹੋ ਗਏ ਹਨ। ਉਨ੍ਹਾਂ ਮੁੱਖ ਮੰਤਰੀ ਅਖਿਲੇਸ ਯਾਦਵ ਨੂੰ ਵਿਕਾਸ ਪੁਰਸ ਦਾ ਖਿਤਾਬ ਦਿੰਦਿਆਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਵਿੱਚ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ ਅਤੇ ਲੋਕ ਦਿਲੋਂ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅਖਿਲੇਸ ਦੇ ਹੱਕ ਵਿੱਚ ਪੂਰੀ ਲਹਿਰ ਚਲ ਰਹੀ ਹੈ। ਨੌਜਵਾਨ ਵਰਗ ਅਤੇ ਅੌਰਤਾਂ ਹੱਕ ਵਿੱਚ ਖੜੀਆਂ ਹੋਈਆਂ ਗਈਆਂ ਹਨ ਅਤੇ ਅੱਜ ਘਰ-ਘਰ ਵਿੱਚ ਅਖਿਲੇਸ ਯਾਦਵ ਦੇ ਨਾਅਰੇ ਗੂੰਜ ਰਹੇ ਹਨ। ਉਨ੍ਹਾਂ ਦੱਸਿਆ ਕਿ ਭਲਕੇ ਅਖਿਲੇਸ ਯਾਦਵ ਚੋਣ ਕਮਿਸ਼ਨ ਨੂੰ ਮਿਲਣਗੇ।