Share on Facebook Share on Twitter Share on Google+ Share on Pinterest Share on Linkedin ਅੌਰਤ ਦੀ ਮੌਤ ਤੋਂ ਬਾਅਦ ਲਏ ਸੈਂਪਲ ਦੀ ਰਿਪੋਰਟ ਪਾਜ਼ੇਟਿਵ, ਟੱਬਰ ਦੇ 6 ਮੈਂਬਰਾਂ ਦੇ ਸੈਂਪਲ ਲਏ ਖੰਘ ਜ਼ੁਕਾਮ ਤੋਂ ਪੀੜਤ ਇਕ ਹੋਰ ਸ਼ੱਕੀ ਮਜ਼ਦੂਰ ਦੀ ਮੌਤ, ਨੱਕ ਤੇ ਗਲੇ ’ਚੋਂ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਨਵਾਂ ਗਉਂ ਦੇ ਓਮ ਪ੍ਰਕਾਸ਼ ਸਮੇਤ ਇਨ੍ਹਾਂ ਤਿੰਨੇ ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ, ਮੌਤਾਂ ਕਾਰਨ ਭੈਅ ਦਾ ਮਾਹੌਲ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਕੇ 48 ਹੋਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਕੇ 48 ਹੋ ਗਈ ਹੈ ਜਦੋਂਕਿ ਕਈ ਸੈਂਪਲਾਂ ਦੀ ਰਿਪੋਰਟਾਂ ਆਉਣੀਆਂ ਹਾਲੇ ਬਾਕੀ ਹਨ। ਇਕ ਬਜ਼ੁਰਗ ਦੀ ਮੌਤ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਇਲਾਕੇ ਵਿੱਚ ਦਹਿਸਤ ਫੈਲ ਗਈ ਹੈ। ਅੱਜ 11 ਹੋਰ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਿਨ੍ਹਾਂ ਵਿੱਚ ਇਕ ਰਿਪੋਰਟ ਮੁੰਡੀ ਖਰੜ ਦੀ ਬਜ਼ੁਰਗ ਦੀ ਹੈ ਜਦੋਂਕਿ ਬਾਕੀ ਜਵਾਹਰਪੁਰ ਨਾਲ ਸਬੰਧਤ ਹਨ। ਪੀੜਤ ਅੌਰਤ ਰਾਜ ਕੁਮਾਰੀ (78) ਵਾਸੀ ਆਸਥਾ ਇਨਕਲੇਵ, ਮੁੰਡੀ ਖਰੜ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਬੀਤੀ 7 ਅਪਰੈਲ ਨੂੰ ਉਸ ਦੀ ਮੌਤ ਹੋ ਗਈ ਸੀ। ਬਜ਼ੁਰਗ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਸ਼ੱਕ ਦੇ ਆਧਾਰ ’ਤੇ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਸੀ। ਜਿਸ ਦੀ ਅੱਜ ਪਾਜ਼ੇਟਿਵ ਰਿਪੋਰਟ ਆਈ ਹੈ। ਇਹ ਅੌਰਤ ਖੰਘ, ਜ਼ੁਕਾਮ ਅਤੇ ਬੁਖ਼ਾਰ ਤੋਂ ਪੀੜਤ ਸੀ। ਉਂਜ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਦੇ ਨਾਲ ਨਾਲ ਬਲੱਡ ਪ੍ਰੈੱਸ਼ਰ ਦੀ ਸ਼ਿਕਾਇਤ ਸੀ। ਉਸ ਦਾ ਪਹਿਲਾਂ ਤੋਂ ਹੀ ਇਲਾਜ ਚੱਲ ਰਿਹਾ ਹੈ। ਦੱਸਿਆ ਗਿਆ ਹੈ ਕਿ ਉਕਤ ਅੌਰਤ ਕਾਫੀ ਦਿਨਾਂ ਤੋਂ ਸਰਕਾਰੀ ਹਸਪਤਾਲ ਖਰੜ ਵਿੱਚ ਇਲਾਜ ਲਈ ਆ ਰਹੀ ਸੀ। ਬੀਤੀ 7 ਅਪਰੈਲ ਨੂੰ ਰਾਜ ਕੁਮਾਰੀ ਅਚਾਨਕ ਚੱਕਰ ਖਾ ਕੇ ਐਮਰਜੈਂਸੀ ਬਲਾਕ ਦੇ ਐਂਟਰੀ ਗੇਟ ’ਤੇ ਜ਼ਮੀਨ ਉੱਤੇ ਡਿੱਗ ਪਈ ਸੀ। ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੇ ਚੁੱਕ ਕੇ ਉਸ ਨੂੰ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ। ਜਿੱਥੇ ਮੁੱਢਲੀ ਜਾਂਚ ਵਿੱਚ ਬਜ਼ੁਰਗ ਅੌਰਤ ਨੂੰ ਮ੍ਰਿਤਕ ਪਾਇਆ ਗਿਆ। ਇਸ ਮਗਰੋਂ ਡਾਕਟਰਾਂ ਨੇ ਕਰੋਨਾ ਬਾਰੇ ਸ਼ੱਕ ਦੇ ਆਧਾਰ ’ਤੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ। ਅੱਜ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬਜ਼ੁਰਗ ਦਾ ਇਲਾਜ ਕਰਨ ਵਾਲੇ ਡਾਕਟਰ ਸਮੇਤ ਹਸਪਤਾਲ ਦੇ 5 ਸਟਾਫ਼ ਮੈਂਬਰਾਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਟ ਕੀਤਾ ਗਿਆ ਹੈ। ਐਸਐਮਓ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਇੰਜ ਹੀ ਭਾਗੋਮਾਜਰਾ ਕਲੋਨੀ ਵਿੱਚ ਇਕ ਸ਼ੱਕੀ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਸੂਚਨਾ ਮਿਲਦੇ ਹੀ ਡਾ. ਸੀਪੀ ਸਿੰਘ ਦੀ ਅਗਵਾਈ ਹੇਠ ਮੈਡੀਕਲ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਕਰੋਨਾ ਸਬੰਧੀ ਮ੍ਰਿਤਕ ਮਜ਼ਦੂਰ ਦੇ ਨੱਕ ਅਤੇ ਗਲੇ ’ਚੋਂ ਸੈਂਪਲ ਲਏ ਜਾਂਚ ਲਈ ਭੇਜੇ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅੌਰਤ ਰਾਜ ਕੁਮਾਰੀ ਦੇ ਪਤੀ, ਉਸ ਦੇ ਦੋ ਪੁੱਤਰਾਂ, ਨੂੰਹ ਅਤੇ ਦੋ ਬੱਚਿਆਂ ਦੇ 6 ਸੈਂਪਲ ਲਏ ਗਏ ਹਨ ਅਤੇ ਪਰਿਵਾਰ ਨੂੰ ਹਾਊਸ ਆਈਸੋਲੇਟ ਕਰਕੇ ਪੂਰੇ ਮੁਹੱਲੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁੰਡੀ ਖਰੜ ਦੀ ਰਹਿਣ ਵਾਲੀ ਰਾਜ ਕੁਮਾਰੀ (78) ਦੀ ਮੌਤ ਤੋਂ ਬਾਅਦ ਕਰੋਨਾਵਾਇਰਸ ਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਂਜ ਇਹ ਅੌਰਤ ਪਹਿਲਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਅੌਰਤ ਦਾ ਅੰਤਿਮ ਸਸਕਾਰ ਪ੍ਰੋਟੋਕਾਲ ਦੇ ਅਨੁਸਾਰ ਕੀਤਾ ਗਿਆ ਹੈ ਅਤੇ ਹੁਣ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮ੍ਰਿਤਕ ਅੌਰਤ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਸੈਂਪਲ ਲਏ ਜਾ ਸਕਣ। ਉਨ੍ਹਾਂ ਦੱਸਿਆ ਕਿ ਹੁਣ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 38 ’ਤੇ ਪਹੁੰਚ ਗਈ। ਜਦੋਂਕਿ 5 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਵਿੱਚ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਭਾਗੋਮਾਜਰਾ ਕਲੋਨੀ ਦੇ ਮਜ਼ਦੂਰ ਦੀ ਮੌਤ ਦਾ ਖੁਲਾਸਾ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ। ਮਜ਼ਦੂਰ ਖੰਘ ਜ਼ੁਕਾਮ ਤੋਂ ਪੀੜਤ ਦੱਸਿਆ ਗਿਆ ਹੈ। (ਬਾਕਸ ਆਈਟਮ) ਜਾਣਕਾਰੀ ਅਨੁਸਾਰ ਨਵਾਂ ਗਉਂ ਦੇ ਓਮ ਪ੍ਰਕਾਸ਼ ਸਮੇਤ ਆਸਥਾ ਇਨਕਲੇਵ ਦੀ ਬਜ਼ੁਰਗ ਅੌਰਤ ਰਾਜ ਕੁਮਾਰੀ ਅਤੇ ਭਾਗੋਮਾਜਰਾ ਕਲੋਨੀ ਦੇ ਮਜ਼ਦੂਰ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਓਮ ਪ੍ਰਕਾਸ਼ ਅਤੇ ਰਾਜ ਕੁਮਾਰੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਮਜ਼ਦੂਰ ਦੀ ਰਿਪੋਰਟ ਭਲਕੇ ਆਉਣ ਦੀ ਸੰਭਾਵਨਾ ਹੈ। ਜਦੋਂਕਿ ਇਨ੍ਹਾਂ ਤਿੰਨੇ ਜਣਿਆਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਤਾਂ ਉਨ੍ਹਾਂ ਦੀਆਂ ਮੌਤਾਂ ਨੂੰ ਲੈ ਕੇ ਸਿਹਤ ਵਿਭਾਗ ਅਤੇ ਮੁਹਾਲੀ ਪ੍ਰਸ਼ਾਸਨ ਕਾਫੀ ਚਿੰਤਤ ਹੈ। ਆਖ਼ਰਕਾਰ ਇਹ ਵਿਅਕਤੀ ਕਿਵੇਂ ਕਰੋਨਾਵਾਇਰਸ ਦੇ ਲਪੇਟੇ ਵਿੱਚ ਆਏ ਹਨ। ਸਿਹਤ ਵਿਭਾਗ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਿਹਾ ਹੈ ਲੇਕਿਨ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਉਧਰ, ਡਬਲਿਊਐਚਓ ਦਾ ਕਹਿਣਾ ਹੈ ਕਿ ਘਰ ਬੈਠੇ 35 ਤੋਂ 40 ਫੀਸਦੀ ਲੋਕਾਂ ਨੂੰ ਕਰੋਨਾ ਹੋ ਸਕਦਾ ਹੈ। ਇਸ ਰਿਪੋਰਟ ਨੇ ਲੋਕਾਂ ਦੀ ਨੀਂਦ ਉੱਡਾ ਦਿੱਤੀ ਹੈ। ਕਰਫਿਊ ਕਾਰਨ ਘਰਾਂ ਵਿੱਚ ਨਜ਼ਰਬੰਦ ਲੋਕ ਕਾਫੀ ਭੈਅਭੀਤ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ