ਨਵਾਂ ਗਰਾਓਂ ਵਿੱਚ ਸਿਹਤ ਵਿਭਾਗ ਨੇ 26 ਸ਼ੱਕੀ ਵਿਅਕਤੀਆਂ ਸੈਂਪਲ ਲੈ ਕੇ ਜਾਂਚ ਲਈ ਭੇਜੇ

ਥਾਪਰ ਕਾਲਜ ਪਟਿਆਲਾ ਦੇ ਵਿਦਿਆਰਥੀ ਸਣੇ ਪਰਿਵਾਰ ਦੇ 10 ਮੈਂਬਰਾਂ ਨੂੰ ਕੀਤਾ ਹਾਊਸ ਆਈਸੋਲੇਟ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਇੱਥੋਂ ਦੇ ਕਸਬਾ ਨਵਾਂ ਗਾਉਂ ਵਿੱਚ ਪਿਛਲੇ ਦਿਨੀਂ ਪੀਜੀਆਈ ਦੇ ਸਫ਼ਾਈ ਕਰਮਚਾਰੀ ਸਮੇਤ ਕਰੋਨਾਵਾਇਰਸ ਤੋਂ ਪੀੜਤ ਪੰਜ ਹੋਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਆਦਰਸ਼ ਨਗਰ ਦਾ ਮੁੜ ਸਰਵੇ ਕੀਤਾ ਗਿਆ ਅਤੇ ਕਰੋਨਾ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਨਵਾਂ ਗਾਉਂ ਵਿੱਚ ਮੈਡੀਕਲ ਅਫ਼ਸਰ ਡਾ. ਸੀਪੀ ਸਿੰਘ ਦੀ ਨਿਗਰਾਨੀ ਹੇਠ ਡਾ. ਇਮਾਨ ਸ਼ਰਮਾ, ਡਾ. ਜਸਮੀਤ ਸਿੰਘ, ਡਾ. ਇੰਦਰਜੀਤ ਸੋਹੀ ਨੇ ਆਦਰਸ਼ ਨਗਰ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ 26 ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਦੋਂਕਿ ਖਰੜ ਦੀ ਮ੍ਰਿਤਕ ਕਰੋਨਾ ਪਾਜ਼ੇਟਿਵ ਰਾਜ ਕੁਮਾਰੀ ਦੇ ਸੰਪਰਕ ਵਿੱਚ ਆਉਣ ਵਾਲੇ 5 ਵਿਅਕਤੀਆਂ ਦੇ 5 ਸੈਂਪਲ ਲਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਮੈਡੀਕਲ ਟੀਮਾਂ ਵੱਲੋਂ ਕਰੋਨਾ ਪੀੜਤ ਸੁਨੀਲ ਕੁਮਾਰ (30) ਅਤੇ ਉਸ ਦੇ ਚਾਰ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਕਰੀਬ 88 ਵਿਅਕਤੀਆਂ ਦੇ ਰੈਪਿਡ ਕਿੱਟ ਟੈੱਸਟ ਕੀਤੇ ਗਏ ਅਤੇ ਸਾਰੇ ਟੈੱਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਆਦਰਸ਼ ਨਗਰ ਦੇ 94 ਘਰਾਂ ਦਾ ਸਰਵੇ ਕੀਤਾ ਗਿਆ ਸੀ ਅਤੇ 339 ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਸੀ। ਇਨ੍ਹਾਂ ’ਚੋਂ ਕਿਸੇ ਵੀ ਵਿਅਕਤੀ ਵਿੱਚ ਕਰੋਨਾ ਵਾਇਰਸ ਦੇ ਲੱਛਣ ਨਜ਼ਰ ਨਹੀਂ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 14 ਪੀੜਤ ਵਿਅਕਤੀ ਠੀਕ ਹੋ ਚੁੱਕੇ ਹਨ। ਜਦੋਂਕਿ ਦੋ ਪਾਜ਼ੇਟਿਵ ਮਰੀਜ਼ਾਂ ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਵਾਸੀ ਖਰੜ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬਾਕੀ 46 ਪੀੜਤ ਮਰੀਜ਼ ਵੱਖ-ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਸਾਰਿਆਂ ਦੀ ਹਾਲਤ ਵੀ ਫਿਲਹਾਲ ਬਿਲਕੁਲ ਠੀਕ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸੰਪਰਕ ਵਿੱਚ ਆਉਣ ਵਾਲੇ ਹੋਰ ਵਿਅਕਤੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਨਿਜ਼ਾਮੂਦੀਨ ਜਮਾਤ ਵਿੱਚ ਸ਼ਾਮਲ ਹੋਣ ਗਏ ਅੰਬਾਲਾ ਦੇ ਵਸਨੀਕ ਸਲੀਮ ਦੀ ਵਜ੍ਹਾ ਕਾਰਨ ਇਕੱਲੇ ਪਿੰਡ ਜਵਾਹਰਪੁਰ ਵਿੱਚ ਸਭ ਤੋਂ ਵੱਧ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸੀ ਲੇਕਿਨ ਹੁਣ ਉੱਥੇ ਵੀ ਸਥਿਤੀ ਕਾਬੂ ਹੇਠ ਹੈ। ਇਹ ਪਿੰਡ ਹਾਲੇ ਵੀ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਜਗਤਪੁਰਾ, ਕੁੰਭੜਾ, ਮੌਲੀ ਬੈਦਵਾਨ ਅਤੇ ਹੋਰ ਸ਼ਹਿਰੀ ਖੇਤਰ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਨੂੰ ਅੱਗੇ ਹੋਰ ਫੈਲਣ ਤੋਂ ਰੋਕਣ ਦਾ ਇੱਕੋ ਇਕ ਹੱਲ ਹੈ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਅਤੇ ਐਮਰਜੈਂਸੀ ਵਿੱਚ ਜਦੋਂ ਵੀ ਘਰ ਤੋਂ ਬਾਹਰ ਜਾਣ ਤਾਂ ਹਮੇਸ਼ਾ ਮੂੰਹ ’ਤੇ ਮਾਸਕ ਅਤੇ ਹੱਥਾਂ ਵਿੱਚ ਦਸਤਾਨੇ ਪਾਏ ਜਾਣ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ਼ ਕੀਤਾ ਜਾਵੇ ਅਤੇ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।
(ਬਾਕਸ ਆਈਟਮ)
ਸਰਕਾਰੀ ਹਸਪਤਾਲ ਖਰੜ ਦੀ ਡਾ. ਮੰਜੂ ਸਣੇ 5 ਹੋਰ ਸਟਾਫ਼ ਮੈਂਬਰਾਂ ਨੂੰ ਮੁੜ ਇਕਾਂਤਵਾਸ ਵਿੱਚ ਭੇਜਿਆ ਗਿਆ ਹੈ। ਦੱਸਿਆ ਗਿਆ ਹੈ ਕਿ ਡਾ. ਮੰਜੂ ਖਰੜ ਦੀ ਕਰੋਨਾ ਪਾਜ਼ੇਟਿਵ ਰਾਜ ਕੁਮਾਰੀ ਜਿਸ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਦੇ ਸੰਪਰਕ ਵਿੱਚ ਆਈ ਹੈ। ਜਿਸ ਦਿਨ ਉਕਤ ਅੌਰਤ ਦੀ ਮੌਤ ਹੋਈ ਸੀ। ਉਸ ਦਿਨ ਡਾ. ਮੰਜੂ ਦੀ ਐਮਰਜੈਂਸੀ ਵਿੱਚ ਡਿਊਟੀ ਸੀ ਅਤੇ ਮਰਨ ਤੋਂ ਪਹਿਲਾਂ ਉਸ ਨੇ ਰਾਜ ਕੁਮਾਰੀ ਦਾ ਟਰੀਟਮੈਂਟ ਕੀਤਾ ਸੀ।
(ਬਾਕਸ ਆਈਟਮ)
ਨਵਾਂ ਗਰਾਓਂ ਵਿੱਚ ਰਹਿੰਦੇ ਥਾਪਰ ਕਾਲਜ ਪਟਿਆਲਾ ਦੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ, ਭੈਣ-ਭਰਾ, ਚਾਚਾ-ਚਾਚੀ ਸਮੇਤ 10 ਵਿਅਕਤੀਆਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਹਾਈਸੋਲੇਟ ਕੀਤਾ ਗਿਆ ਹੈ। ਵਿਦਿਆਰਥੀ ਨੇ ਮੈਡੀਕਲ ਟੀਮ ਨੂੰ ਸਹਿਯੋਗ ਦੇਣ ਦੀ ਥਾਂ ਉਨ੍ਹਾਂ ਨਾਲ ਵੀ ਅੌਖਾ ਭਾਰਾ ਹੋਇਆ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਐਸਐਮਓ ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਨੇ ਸ਼ੱਕ ਦੇ ਆਧਾਰ ’ਤੇ ਖ਼ੁਦ ਹੀ ਆਪਣਾ ਟੈਸਟ ਕਰਵਾਇਆ ਗਿਆ। ਪੀਜੀਆਈ ਵਿੱਚ ਜਾਂਚ ਦੌਰਾਨ ਉਸ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ ਪ੍ਰੰਤੂ ਫਿਰ ਵੀ ਸਾਵਧਾਨੀ ਵਜੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਹਾਊਸ ਆਈਸੋਲੇਟ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …