ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ 34 ਸ਼ਰਧਾਲੂਆਂ ਦੇ ਸੈਂਪਲ ਜਾਂਚ ਲਈ ਭੇਜੇ

ਕੋਟਾ ਤੋਂ ਵਾਪਸ ਲਿਆਂਦੇ ਦੋ ਵਿਦਿਆਰਥੀ ਸਰਕਾਰੀ ਹਸਪਤਾਲ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਕਾਰਨ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਵਿੱਚ ਫਸੇ 34 ਸ਼ਰਧਾਲੂ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਸਦਕਾ ਮੁਹਾਲੀ ਪਰਤ ਆਏ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਹਰਮਨਦੀਪ ਕੌਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ ਅੱਜ ਇਨ੍ਹਾਂ ਸ਼ਰਧਾਲੂਆਂ ਸਮੇਤ ਸਰਕਾਰੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਜਦੋਂਕਿ ਕੋਟਾ ਵਿੱਚ ਫਸੇ ਦੋ ਵਿਦਿਆਰਥੀ ਵੀ ਵਾਪਸ ਪਰਤ ਆਏ ਹਨ। ਇਨ੍ਹਾਂ ਦੇ ਵੀ ਸੈਂਪਲ ਲਏ ਗਏ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਅੱਜ ਬੱਸ ਦੇ ਚਾਲਕ ਅਤੇ ਕੰਡਕਟਰ ਸਮੇਤ 36 ਵਿਅਕਤੀਆਂ ਨੂੰ ਆਪਣੇ ਘਰਾਂ ਵਿੱਚ ਨਹੀਂ ਜਾਣ ਦਿੱਤਾ ਗਿਆ ਹੈ ਸਗੋਂ ਉਨ੍ਹਾਂ ਨੂੰ ਇੱਥੋਂ ਦੇ ਸੈਕਟਰ-70 ਸਥਿਤ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਜਦੋਂਕਿ ਕੋਟਾ ਤੋਂ ਆਏ ਵਿਦਿਆਰਥੀਆਂ ਨੂੰ ਸਰਕਾਰੀ ਹਸਪਤਾਲ ਫੇਜ਼-6 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਲਕੇ ਬੁੱਧਵਾਰ ਨੂੰ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਕਤ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਜਾਵੇਗਾ। ਉਂਜ ਇਹ ਸਾਰੇ ਵਿਅਕਤੀਆਂ ਨੂੰ 14 ਦਿਨਾਂ ਤੱਕ ਆਪਣੇ ਘਰਾਂ ਵਿੱਚ ਕੁਆਰੰਟੀਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਤਿੰਨ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤ ਚੁੱਕੇ ਹਨ ਜਦੋਂਕਿ ਮੁਹਾਲੀ ਦੇ ਕਾਫ਼ੀ ਲੋਕ ਪਟਨਾ ਸਾਹਿਬ ਵਿੱਚ ਵੀ ਫਸੇ ਹੋਏ ਹਨ।
ਸ੍ਰੀ ਦਿਆਲਨ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਤਰਨ ਤਾਰਨ 5 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਕੁਆਰੰਟੀਨ ਸੰਸਥਾਨਾਂ ਵਿੱਚ ਰੱਖਿਆ ਜਾਵੇਗਾ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਸਾਰੇ ਵਿਅਕਤੀਆਂ ਦੇ ਨਮੂਨੇ ਕੁਆਰੰਟੀਨ ਸੰਸਥਾਨ ਵਿੱਚ ਇਕੱਤਰ ਕੀਤੇ ਜਾਣਗੇ ਅਤੇ ਕਰੋਨਾਵਾਇਰਸ ਲਈ ਟੈਸਟ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਢਲੀ ਜਾਂਚ ਦੀ ਬਜਾਏ ਇਨ੍ਹਾਂ ਵਿਅਕਤੀਆਂ ਦਾ ਪੀਸੀਆਰ ਦੁਆਰਾ ਟੈਸਟ ਕੀਤਾ ਜਾਵੇਗਾ ਅਤੇ ਜੇਕਰ ਉਹ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁਆਰੰਟੀਨ ਸਹੂਲਤ ਵਿੱਚ ਅਲੱਗ ਰੱਖਿਆ ਜਾਵੇਗਾ ਅਤੇ ਜੇਕਰ ਇਹ ਨੈਗੇਟਿਵ ਪਾਏ ਗਏ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰਾਂ ਵਿੱਚ ਕੁਆਰੰਟੀਨ ਕੀਤਾ ਜਾਵੇਗਾ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਸੈਂਪਲਿੰਗ ਟੀਮਾਂ ਨੇ ਮੰਗਲਵਾਰ ਨੂੰ ਕੁਲ 88 ਸੈਂਪਲ ਲਏ ਹਨ। ਇਨ੍ਹਾਂ ’ਚੋਂ 36 ਸੈਂਪਲ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਲਏ ਗਏ ਹਨ। ਜਿਨ੍ਹਾਂ ਵਿੱਚ ਬੱਸ ਦਾ ਡਰਾਈਵਰ ਤੇ ਕੰਡਕਟਰ ਵੀ ਸ਼ਾਮਲ ਹਨ ਜਦਕਿ ਦੋ ਸੈਂਪਲ ਕੋਟਾ ਤੋਂ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੇ ਹਨ। ਇਸ ਤੋਂ ਇਲਾਵਾ ਪਿੰਡ ਜਵਾਹਰਪੁਰ ਵਿੱਚ ਸਾਹਮਣੇ ਆਏ ਦੋ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਕਰੀਬ 25 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। 20 ਸੈਂਪਲ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜਾਂਚ ਕਰਵਾਉਣ ਆਏ ਮਰੀਜ਼ਾਂ ਦੇ ਲਏ ਗਏ ਹਨ ਜਦਕਿ 5 ਸੈਂਪਲ ਸਰਕਾਰੀ ਹਸਪਤਾਲ ਖਰੜ ਵਿੱਚ ਲਏ ਗਏ। ਇਹ ਮਰੀਜ਼ ਹਸਪਤਾਲ ਵਿੱਚ ਬਣਾਏ ਗਏ ਫਲੂ ਕਾਰਨਰ ਵਿੱਚ ਖੰਘ, ਜ਼ੁਕਾਮ ਆਦਿ ਤਕਲੀਫ਼ਾਂ ਦੀ ਜਾਂਚ ਕਰਾਉਣ ਲਈ ਆਏ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…