ਸੰਯੁਕਤ ਸਮਾਜ ਮੋਰਚਾ ਨੇ ਮੁਹਾਲੀ ਲਈ ਜਾਰੀ ਕੀਤਾ ਚੋਣ ਮੈਨੀਫੈਸਟੋ ਕਮ ‘ਇਕਰਾਰਨਾਮਾ’

11 ਨੁਕਾਤੀ ਪ੍ਰੋਗਰਾਮ ਤਹਿਤ ਹਰੇਕ ਖੇਤਰ ਨੂੰ ਬਰਾਬਰ ਤਰਜੀਹ ਦੇਣ ਦਾ ਯਤਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਸੰਯੁਕਤ ਸਮਾਜ ਮੋਰਚਾ ਦੇ ਮੁਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਜਿਸ ਨੂੰ ‘ਇਕਰਾਰਨਾਮਾ’ ਦਾ ਨਾਮ ਦਿੱਤਾ ਗਿਆ ਹੈ। ਜਿਸ ਵਿੱਚ ਮੁਹਾਲੀ ਹਲਕੇ ਲਈ 11 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਲਗਪਗ ਸਾਰੇ ਪੱਖਾਂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰ ਨੂੰ ਬਰਾਬਰ ਤਰਜੀਹ ਦਿੱਤੀ ਗਈ ਹੈ।
ਸ੍ਰੀ ਬਰਾੜ ਨੇ ਕਿਹਾ ਕਿ ਇਸ 11 ਨੁਕਾਤੀ ਪ੍ਰੋਗਰਾਮ ਸਵੱਛ ਪ੍ਰਸ਼ਾਸਨ, ਸਰਗਰਮ ਜਨਤਕ ਭਾਗੀਦਾਰੀ, ਸਿੱਖਿਆ, ਉਦਯੋਗਿਕ ਵਿਕਾਸ, ਹਰਿਆ-ਭਰਿਆ ਸ਼ਹਿਰ, ਸਿਹਤਮੰਦ ਮੁਹਾਲੀ, ਪਿੰਡਾਂ ਵਿੱਚ ਈਕੋ ਸਿਸਟਮ, ਖੇਡਾਂ, ਘਰੇਲੂ ਕੂੜੇ ਦੀ ਸੰਭਾਲ, ਨਿੱਜੀ ਸੈਕਟਰ ਗਮਾਡਾ ਨੂੰ ਸੌਂਪਣਾ, ਸਿਹਤ ਸੰਭਾਲ, ਖੇਤੀਬਾੜੀ ਦਾ ਨਵੀਨੀਕਰਨ ਅਤੇ ਸੁਧਾਰ, ਪਰਿਵਾਰ ਅਤੇ ਅੌਰਤਾਂ ਦੀ ਭਲਾਈ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗਾ। ਪਿੰਡ ਦੇ ਵਸਨੀਕਾਂ ਨੂੰ ਸ਼ਹਿਰਾਂ ਦੇ ਬਰਾਬਰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।
ਕਿਸਾਨ ਆਗੂ ਨੇ ਆਪਣੇ ਮੈਨੀਫੈਸਟੋ ਨੂੰ ‘ਇਕਰਾਰਨਾਮਾ’ ਦੇ ਨਾਮ ਦੇਣ ਬਾਰੇ ਬੋਲਦਿਆਂ ਕਿਹਾ ਕਿ ਇਹ ਰਵਾਇਤੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਾਂਗ ਨਹੀਂ ਹੈ, ਕਿਉਂਕਿ ਸਿਆਸੀ ਪਾਰਟੀਆਂ ਦੇ ਆਗੂ ਚੋਣਾਂ ਤੋਂ ਬਾਅਦ ਅੱਧੇ ਤੋਂ ਵੱਧ ਚੋਣ ਵਾਅਦੇ ਭੁੱਲ ਜਾਂਦੇ ਹਨ ਪ੍ਰੰਤੂ ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਚੋਣ ਇਕਰਾਰਨਾਮਾ ਕੀਤਾ ਹੈ, ਉਹ ਉਸ ਨੂੰ ਵਿਧਾਇਕ ਬਣਨ ’ਤੇ ਹਰ ਹਾਲ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।

Load More Related Articles

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…