
ਸੰਯੁਕਤ ਸਮਾਜ ਮੋਰਚਾ ਮੁਹਾਲੀ ਵਿੱਚ ਇਤਿਹਾਸਕ ਜਿੱਤ ਦਰਜ ਕਰਵਾਏਗਾ: ਰਵਨੀਤ ਬਰਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਅਤੇ ਕਿਸਾਨ ਆਗੂ ਰਵਨੀਤ ਸਿੰਘ ਬਰਾੜ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਜਦੋਂਕਿ ਉਨ੍ਹਾਂ ਦੀ ਪਤਨੀ ਬੀਬਾ ਗਗਨ ਬਰਾੜ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਸ੍ਰੀ ਬਰਾੜ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਮੁਹਾਲੀ ’ਚੋਂ ਵੱਡੀ ਜਿੱਤ ਦਰਜ ਕਰਵਾਏਗਾ ਅਤੇ ਇਸ ਵਾਰ ਨਤੀਜੇ ਕਾਫ਼ੀ ਹੈਰਾਨੀਜਨਕ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਚੋਣ ਮੈਦਾਨ ਵਿੱਚ ਨਿੱਤਰ ਕੇ ਰਵਾਇਤੀ ਪਾਰਟੀਆਂ ਦਾ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ।
ਸ੍ਰੀ ਬਰਾੜ ਨੇ ਦਾਅਵਾ ਕੀਤਾ ਕਿ ਮੁਹਾਲੀ ਸ਼ਹਿਰ ’ਚੋਂ ਪੜ੍ਹਿਆ ਲਿਖਿਆ ਤਬਕਾ ਅਤੇ ਪਿੰਡਾਂ ’ਚੋਂ ਵੱਡੀ ਗਿਣਤੀ ਵਿੱਚ ਖਾਸ ਕਰਕੇ ਕਿਸਾਨੀ ਭਾਈਚਾਰਾ ਪੂਰੀ ਤਰ੍ਹਾਂ ਉਨ੍ਹਾਂ ਦੇ ਸਮਰਥਨ ਵਿੱਚ ਨਾਲ ਖੜ੍ਹਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਕੇ ਚੋਣ ਲੜ ਰਹੇ ਉੱਘੇ ਕਾਰੋਬਾਰੀ ਕੁਲਵੰਤ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਲਵੰਤ ਸਿੰਘ ਨੇ ਪੈਸੇ ਦੇ ਜ਼ੋਰ ਨਾਲ ਟਿਕਟ ਹਾਸਲ ਕੀਤੀ ਹੈ। ਮੁਹਾਲੀ ਦੇ ਲੋਕ ਸਭ ਕੁਝ ਸਮਝਦੇ ਹਨ। ਜਿਹੜਾ ਵਿਅਕਤੀ ਲੋਕ ਸਭਾ ਚੋਣਾਂ ਹਾਰਨ ਦੇ ਨਾਲ-ਨਾਲ ਸ਼ਹਿਰ ਦਾ ਮੇਅਰ ਹੁੰਦੇ ਹੋਏ ਨਗਰ ਨਿਗਮ ਦੇ ਕੌਂਸਲਰ ਦੀ ਚੋਣਾਂ ਵੀ ਹਾਰ ਗਿਆ ਹੋਵੇ, ਉਸ ਨੂੰ ਕੋਈ ਪਾਰਟੀ ਵਿਧਾਇਕ ਬਣਨ ਦੀ ਟਿਕਟ ਕਿਵੇਂ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਜੱਗ ਜ਼ਾਹਰ ਹੈ ਕਿ ਕੁਲਵੰਤ ਸਿੰਘ ਨੇ ਚੰਦੇ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਮੋਟੀ ਰਕਮ ਦੇ ਕੇ ਟਿਕਟ ਖਰੀਦੀ ਹੈ। ਸ੍ਰੀ ਬਰਾੜ ਨੇ ਦਾਅਵਾ ਕੀਤਾ ਕਿ ਮੁਹਾਲੀ ਇਸ ਵਾਰੀ ਇਤਿਹਾਸ ਸਿਰਜੇਗਾ। ਸਮੁੱਚੇ ਪੰਜਾਬ ਵਾਂਗ ਮੁਹਾਲੀ ਦੇ ਲੋਕ ਵੀ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਆਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਦੇ ਹੋਏ ਇਸ ਵਾਰ ਭ੍ਰਿਸ਼ਟਾਚਾਰੀਆਂ ਨੂੰ ਸਬਕ ਸਿਖਾਉਣਗੇ।