
ਭਗਵੰਤ ਮਾਨ ਦੇ ਰਾਜ ਵਿੱਚ ਰੇਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ: ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਸੂਬੇ ਵਿੱਚ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹਨ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਸਭ ਲਈ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਸ੍ਰੀ ਮੱਛਲੀ ਕਲਾ ਨੇ ਕਿਹਾ ਕਿ ਸੂਬੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਹੈ ਤਾਂ ਮਾਰਕੀਟ ’ਚੋਂ ਰੇਤਾ ਅਤੇ ਬਜਰੀ ਇਕਦਮ ਗਾਇਬ ਹੋ ਚੁੱਕੇ ਹਨ ਅਤੇ ਜੇਕਰ ਕਿਸੇ ਨੂੰ ਘਰ ਬਣਾਉਣ ਲਈ ਇਹ ਸਮਾਨ ਖਰੀਦਣਾ ਪੈ ਰਿਹਾ ਤਾਂ ਉਸ ਨੂੰ ਬਹੁਤ ਜ਼ਿਆਦਾ ਕੀਮਤ ਦੇਣ ਮਗਰੋਂ ਹੀ ਰੇਤ ਤੇ ਬਜਰੀ ਮਿਲ ਰਹੇ ਹਨ।
ਆਟੇ ਨਾਲੋਂ ਵੀ ਮਹਿੰਗਾ ਹੋ ਚੁਕਾ ਰੇਤਾ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ ਪਰ ਮੌਜੂਦਾ ਪੰਜਾਬ ਸਰਕਾਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੀ ਜਨਤਾ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਸੰਭਾਲੀ ਹੈ, ਜਿਨ੍ਹਾਂ ਵਿਚ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਲੋਕਾਂ ਦੀ ਪਹੁੰਚ ਹੇਠ ਰੱਖਣ ਦੀ ਗੱਲ ਵੀ ਕੀਤੀ ਸੀ, ਪਰ ਹੁਣ ਲੋਕਾਂ ਨੂੰ ਰੇਤ ਤੇ ਬਜਰੀ ਮਿਲਣਾ ਹੀ ਦੁਰਲਭ ਹੋ ਚੁੱਕਾ ਹੈ ਅਤੇ ਇਸ ਦੀਆਂ ਕੀਮਤਾਂ ਵੀ 35 ਤੋਂ 40 ਰੁਪਏ ਫੁੱਟ ਤੱਕ ਪਹੁੰਚ ਚੁੱਕੀਆਂ ਹਨ। ਜਿਹੜਾ ਰੇਤ ਤੇ ਬਜਰੀ ਇਨ੍ਹਾਂ ਉਚ ਕੀਮਤਾਂ ‘ਤੇ ਮਿਲ ਵੀ ਰਿਹਾ ਹੈ ਉਸ ਦੀ ਕੁਆਲਿਟੀ ਵੀ ਕੋਈ ਬਹੁਤੀ ਚੰਗੀ ਨਹੀਂ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਉਹ ਤੁਰੰਤ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਲੋਕਾਂ ਨੂੰ ਸਸਤਾ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਤਾਂ ਜੋ ਪਹਿਲੋਂ ਹੀ ਮਹਿੰਗਾਈ ਨਾਲ ਝੰਬੇ ਪੰਜਾਬ ਦੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ ਤੇ ਗਰੀਬ ਲੋਕ ਅਸਾਨੀ ਨਾਲ ਆਪਣੇ ਘਰ ਬਣਾ ਸਕਣ।