ਚੰਗਾ ਹੋਇਆ ਭਾਜਪਾ ਦਾ ਪਰਿਵਾਰਵਾਦ, ਰੇਤ ਮਾਫ਼ੀਆ ਤੇ ਸ਼ਰਾਬ ਮਾਫ਼ੀਆਂ ਤੋਂ ਖਹਿੜਾ ਛੁੱਟਿਆ: ਸ਼ਰਮਾ

ਭਾਜਪਾ ਨੇ ਮੁਹਾਲੀ ਵਿੱਚ ਪਾਰਟੀ ਵਰਕਰਾਂ\ਸਾਬਕਾ ਕੌਂਸਲਰਾਂ ਨਾਲ ਕੀਤੀਆਂ ਵੱਖੋ-ਵੱਖਰੀਆਂ ਮੀਟਿੰਗਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਭਾਜਪਾ ਨਾਲ ਤੋੜ ਵਿਛੋੜਾ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤਾਂ ’ਚੋਂ ਉਭਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇੱਥੋਂ ਦੇ ਸੈਕਟਰ-70 ਵਿੱਚ ਪਾਰਟੀ ਵਰਕਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਮੁਹਾਲੀ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਮੇਤ ਪੈਦਾ ਹੋਏ ਮੌਜੂਦਾ ਹਾਲਾਤਾਂ ਬਾਰੇ ਸਿਰਜੋੜ ਕੇ ਚਰਚਾ ਕੀਤੀ। ਅਕਾਲੀਆਂ ਨਾਲੋਂ ਤੋੜ ਵਿਛੋੜੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੰਗਾ ਹੋਇਆ ਭਾਜਪਾ ਦਾ ਪਰਿਵਾਰਵਾਦ, ਰੇਤ ਮਾਫ਼ੀਆ, ਭੂ-ਮਾਫੀਆ, ਸ਼ਰਾਬ ਮਾਫ਼ੀਆ ਤੋਂ ਖਹਿੜਾ ਛੁੱਟ ਗਿਆ ਹੈ।
ਸ੍ਰੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਆਪਣੇ ਬਲਬੂਤੇ ’ਤੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲੜਨ ਲਈ ਹੁਣੇ ਤੋਂ ਕਮਰਕੱਸੇ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਵਿੱਚ ਭਾਜਪਾ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਇਸ ਤੋਂ ਇਲਾਵਾ ਖਰੜ, ਕੁਰਾਲੀ, ਨਵਾਂ ਗਰਾਓਂ, ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀਆਂ ਛੇ ਨਗਰ ਕੌਂਸਲ ਚੋਣਾਂ ਵੀ ਭਾਜਪਾ ਇਕੱਲੇ ਲੜੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ 2022 ਵਿੱਚ ਭਾਜਪਾ ਵਿਧਾਨ ਸਭਾ ਚੋਣਾਂ ਵੀ ਆਪਣੇ ਬਲਬੂਤੇ ’ਤੇ ਲੜੇਗੀ। ਇਸ ਸਬੰਧੀ ਉਨ੍ਹਾਂ ਨੇ ਵਰਕਰਾਂ ਨੂੰ ਮੁਹਾਲੀ, ਖਰੜ ਅਤੇ ਡੇਰਾਬੱਸੀ ਹਲਕਿਆਂ ਤੋਂ ਚੰਗੇ ਕਿਰਦਾਰ ਤੇ ਵਫ਼ਾਦਾਰ ਸੰਭਾਵੀ ਉਮੀਦਵਾਰਾਂ ਦੀ ਭਾਲ ਕਰਨ ’ਤੇ ਵੀ ਜ਼ੋਰ ਦਿੱਤਾ।
ਸ੍ਰੀ ਸ਼ਰਮਾ ਨੇ ਵਰਕਰਾਂ ਦਾ ਹੌਸਲਾ ਵਧਾਉਂਦੇ ਕਿਹਾ ਕਿ ਉਨ੍ਹਾਂ ਨੂੰ ਰੱਤੀ ਭਰ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਤੇ ਕੱਦਵਰ ਨੇਤਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਕੋਲ ਹੈ, ਜਦੋਂਕਿ ਕਾਂਗਰਸ ਸਮੇਤ ਬਾਕੀ ਪਾਰਟੀਆਂ ਕੋਲ ਚੰਗੀ ਲੀਡਰਸ਼ਿਪ ਦੀ ਵੱਡੀ ਘਾਟ ਹੈ। ਉਨ੍ਹਾਂ ਨੇ ਖੇਤੀ ਆਰਡੀਨੈਂਸ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਬਾਅਦ ਵਿੱਚ ਸਮਝ ਆਵੇਗੀ ਕਿ ਖੇਤੀ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਹਨ। ਇਸ ਸਬੰਧੀ ਭਾਜਪਾ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਖੇਤੀ ਬਿੱਲਾਂ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਆ ਅਤੇ ਵਾਰਡ ਅਤੇ ਪਿੰਡ ਪੱਧਰ ’ਤੇ ਜਨ ਸੰਪਰਕ ਮੁਹਿੰਮ ਸ਼ੁਰੂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਜ਼ੋਰ ਦਿੱਤਾ।
ਇਸ ਮੌਕੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਸੂਬਾ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੀਨੀਅਰ ਆਗੂ ਅਰੁਣ ਸ਼ਰਮਾ, ਅਸ਼ੋਕ ਝਾਅ, ਸ੍ਰੀਮਤੀ ਪ੍ਰਕਾਸ਼ਵਤੀ, ਜ਼ਿਲ੍ਹਾ ਇੰਚਾਰਜ ਅਰਵਿੰਦ ਮਿੱਤਲ, ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਅੌਜਲਾ, ਰਮੇਸ਼ ਵਰਮਾ, ਮੁਕੇਸ਼ ਗਾਂਧੀ, ਸੋਮ ਚੰਦ ਗੋਇਲ, ਸੋਹਣ ਸਿੰਘ ਸਮੇਤ ਸਾਰੇ ਸਰਕਲ ਪ੍ਰਧਾਨਾਂ ਅਤੇ ਸਰਗਰਮ ਵਰਕਰਾਂ ਨੇ ਸ਼ਿਰਕਤ ਕੀਤੀ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…