ਸਿੱਖ ਕੌਮ ਦੇ ਸਿਧਾਂਤ ਤੇ ਸਰਮਾਏ ਨੂੰ ਬਚਾਉਣ ਲਈ ਸੰਗਤ ਅੱਗੇ ਆਵੇ: ਭਾਈ ਰਣਜੀਤ ਸਿੰਘ

ਪੱਕਾ ਮੋਰਚਾ ਲੱਗਿਆਂ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਮੋਰਚਾ ਲਾਉਣ ਦਾ ਪ੍ਰੋਗਰਾਮ ਮੁਲਤਵੀ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 ਵਿੱਚ ਪੰਥਕ ਕਾਨਫਰੰਸ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਪੰਥਕ ਅਕਾਲੀ ਲਹਿਰ ਵੱਲੋਂ ਇੱਥੋਂ ਦੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸੰਸਥਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਅਤੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ਪੰਥਕ ਵਿਚਾਰਾਂ ਦੀ ਕੌਮੀ ਕਾਨਫਰੰਸ ਕਰਵਾਈ ਗਈ। ਜਥੇਦਾਰ ਬਲਬੀਰ ਸਿੰਘ ਬੈਰੋਂਪੁਰ ਨੇ ਦੱਸਿਆ ਕਿ ਕਾਨਫਰੰਸ ਵਿੱਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਵਿਚਾਰਾਂ ਸਾਂਝੀਆਂ ਕੀਤੀਆਂ। ਜਦੋਂਕਿ ਨੌਜਵਾਨਾਂ ਨੇ ਸਾਬਤ ਸੂਰਤ ਹੋ ਕੇ ਕੌਮ ਦੀ ਸੇਵਾ ਕਰਨ ਦਾ ਪ੍ਰਣ ਕੀਤਾ।
ਇਸ ਮੌਕੇ ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਦੇ ਸਿਧਾਂਤ ਅਤੇ ਸਰਮਾਏ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਐਸਜੀਪੀਸੀ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਕਿਉਂਕਿ ਸਾਡੇ ਧਾਰਮਿਕ ਗ੍ਰੰਥ ਸ਼੍ਰੋਮਣੀ ਕਮੇਟੀ ਦੀ ਲਾਪਰਵਾਹੀ ਕਾਰਨ ਗਾਇਬ ਹੋ ਚੁੱਕੇ ਹਨ ਪ੍ਰੰਤੂ ਪ੍ਰਬੰਧਕ ਕਮੇਟੀ ਕੋਈ ਜਵਾਬ ਨਹੀਂ ਦੇ ਰਹੀ।
ਆਗੂਆਂ ਨੇ ਸਿੱਖਾਂ ਵੱਲੋਂ ਗੁਰਧਾਮਾਂ, ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਮਿਸ਼ਨ ਨੂੰ ਬਚਾਉਣ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਇਹ ਸਾਰਾ ਕੁਝ ਸੁਰੱਖਿਅਤ ਨਹੀਂ ਹੈ ਅਤੇ ਕੌਮ ਦਾ ਸਾਰਾ ਕੁਝ ਦਾਅ ’ਤੇ ਲੱਗਾ ਹੋਇਆ ਹੈ। ਅਜੋਕੇ ਸਮੇਂ ਵਿੱਚ ਉਹ ਲੋਕ ਗੁਰੂਘਰਾਂ ’ਤੇ ਕਾਬਜ਼ ਹਨ, ਜੋ ਗੁਰੂ ਤੋਂ ਬੇਮੁਖ ਹਨ ਅਤੇ ਆਪਣੇ ਪਰਿਵਾਰ ਪਾਲਣ ਲਈ ਗੁਰੂਘਰਾਂ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਸੰਗਤ ਨੂੰ ਪੰਥਕ ਅਕਾਲੀ ਲਹਿਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਐਸਜੀਪੀਸੀ ਚੋਣਾਂ ਕਰਵਾਉਣ ਲਈ ਸਰਕਾਰਾਂ ਨੂੰ ਮਜਬੂਰ ਕੀਤਾ ਜਾ ਸਕੇ ਅਤੇ ਵਧੀਆ ਕਿਰਦਾਰ ਵਾਲੇ ਗੁਰਸਿੱਖਾਂ ਨੂੰ ਸੇਵਾ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਗੁਰੂ-ਘਰਾਂ ਦੀਆਂ ਜਾਇਦਾਦਾਂ ਨਿਲਾਮ ਹੋਣ ਤੋਂ ਬਚਣਗੀਆਂ ਅਤੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਸਿਹਤ ਤੇ ਸਿੱਖਿਆ ਸਹੂਲਤਾਂ ਮਿਲ ਸਕਣਗੀਆਂ।
ਭੇਤਭਰੀ ਹਾਲਤ ਵਿੱਚ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਗੱਲ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਇਸ ਬਾਬਤ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਮੌਜੂਦਾ ਸਮੇਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਸਿੱਖ ਮਸਲਿਆਂ ਬਾਰੇ ਕੌਮੀ ਇਨਸਾਫ਼ ਮੋਰਚੇ ਵੱਲੋਂ ਮੁਹਾਲੀ ਵਿੱਚ ਪੱਕਾ ਮੋਰਚਾ ਸ਼ੁਰੂ ਕਰਨ ਕਰਕੇ ਫਿਲਹਾਲ ਪੰਥਕ ਅਕਾਲੀ ਲਹਿਰ ਵੱਲੋਂ ਆਪਣਾ ਮੋਰਚਾ ਲਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਸ਼੍ਰੋਮਣੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਅਮਰਾਓ ਸਿੰਘ ਲੰਬਿਆਂ ਵਾਲੇ ਅਤੇ ਜਥੇਦਾਰ ਬਲਬੀਰ ਸਿੰਘ ਬੈਰੋਂਪੁਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles

Check Also

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰ…