nabaz-e-punjab.com

ਸੰਗਰੂਰ ਹਾਦਸਾ: ਮ੍ਰਿਤਕ ਵਿਦਿਆਰਥੀ ਦਾ ਪਿਤਾ ਵੀ ਜਾਂਚ ਕਮੇਟੀ ਅੱਗੇ ਹੋਇਆ ਪੇਸ਼

ਨਾ ਮਿਲੀ ਪੁੱਤ ਦੀ ਪੋਸਟ ਮਾਰਟਮ ਤੇ ਵਿੱਸਰਾ ਜਾਂਚ ਰਿਪੋਰਟ, ਨਾ ਹੀ ਦਰਜ ਹੋਇਆ ਪੁਲੀਸ ਕੇਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ (ਸੰਗਰੂਰ) ਵਿੱਚ ਕਰੀਬ ਦੋ ਸਾਲ ਪਹਿਲਾਂ ਫੌਤ ਹੋਏ ਗਿਆਰ੍ਹਵੀਂ (ਨਾਨ ਮੈਡੀਕਲ) ਦੇ ਵਿਦਿਆਰਥੀ ਦਲਜੀਤ ਸਿੰਘ ਦੀ ਭੇਦਭਰੀ ਮੌਤ ਦਾ ਮਾਮਲਾ ਵੀ ਭਖ ਗਿਆ ਹੈ। ਮ੍ਰਿਤਕ ਬੱਚੇ ਦੇ ਪਿਤਾ ਹਰਮੇਲ ਸਿੰਘ ਵਾਸੀ ਡੋਡ ਬਾਜਾਖਾਨਾ (ਫਰੀਦਕੋਟ) ਵੀ ਅੱਜ ਮੁਹਾਲੀ ਵਿੱਚ ਸਿੱਖਿਆ ਵਿਭਾਗ ਦੀ ਵਿਸ਼ੇਸ਼ ਜਾਂਚ ਕਮੇਟੀ ਦੇ ਅੱਗੇ ਪੇਸ਼ ਹੋਏ। ਉਨ੍ਹਾਂ ਨੇ ਵੀ ਆਪਣੇ ਦਿਲ ਦੇ ਟੁਕੜੇ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਗੁਹਾਰ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ।
ਹਰਮੇਲ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਉਸ ਕੋਲ ਦੋ ਬੇਟੇ ਹਨ। ਜਿਨ੍ਹਾਂ ਤੋਂ ਉਸ ਨੂੰ ਬਹੁਤ ਆਸਾਂ ਸਨ ਪ੍ਰੰਤੂ ਸਕੂਲ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਦੇ ਚੱਲਦਿਆਂ ਉਸ ਦੇ ਛੋਟੇ ਦੀ ਹੋਸਟਲ ਵਿੱਚ ਭੇਦਭਰੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਹ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਕੇ ਅਤੇ ਥਾਣਿਆਂ ਦੇ ਚੱਕਰ ਕੱਟ ਕੇ ਥੱਕ ਚੁੱਕਾ ਹੈ ਲੇਕਿਨ ਹੁਣ ਤੱਕ ਪੁਲੀਸ ਨੇ ਕੇਸ ਦਰਜ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਉਸ ਦੇ ਮ੍ਰਿਤਕ ਬੇਟੇ ਦੀ ਪੋਸਟ ਮਾਰਟਮ ਅਤੇ ਵਿੱਸਰਾਂ ਜਾਂਚ ਰਿਪੋਰਟ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਉਸ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹੈ।
ਹਰਮੇਲ ਸਿੰਘ ਨੇ ਦੱਸਿਆ ਕਿ 27 ਅਗਸਤ 2018 ਨੂੰ ਬਾਅਦ ਦੁਪਹਿਰ ਕਰੀਬ ਪੌਣੇ 3 ਵਜੇ ਆਪਣੇ ਬੇਟੇ ਨੂੰ ਹੋਸਟਲ ਵਿੱਚ ਮਿਲ ਕੇ ਗਿਆ ਸੀ। ਉਦੋਂ ਉਸ ਦਾ ਬੇਟਾ ਸਹੀ ਸਲਾਮਤ ਸੀ ਪ੍ਰੰਤੂ ਡੇਢ ਦੋ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਜਦੋਂ ਉਹ ਸਕੂਲ ਪਹੁੰਚੇ ਤਾਂ ਦੇਖਿਆ ਕਿ ਕਮਰੇ ਵਿੱਚ ਬੈੱਡ ਬਾਥਰੂਮ ਨਾਲ ਗਿੱਲਾ ਸੀ ਅਤੇ ਉਸ ਦੇ ਪੁੱਤ ਨੂੰ ਲੋਈ ਨਾਲ ਕਢਿਆ ਹੋਇਆ ਸੀ। ਇਸ ਬਾਰੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਸ ਦੇ ਬੇਟੇ ਨੇ ਲੋਈ ਨਾਲ ਲਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਹਰਮੇਲ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਲੋਈ ਨਾਲ ਖ਼ੁਦਕੁਸ਼ੀ ਨਹੀਂ ਕੀਤੀ ਜਾ ਸਕਦੀ ਹੈ। ਕਿਉਂਕਿ ਲੋਈ ਦੀ ਕੱਸ ਕੇ ਗੱਠ ਨਹੀਂ ਮਾਰੀ ਜਾ ਸਕਦੀ ਹੈ। ਉਸ ਨੇ ਪੁਲੀਸ ਅੱਗੇ ਹਾੜੇ ਕੱਢਦਿਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ ਲੇਕਿਨ ਪੁਲੀਸ ਨੇ ਧਾਰਾ 174 ਅਧੀਨ ਕੇਸ ਦਰਜ ਕਰਕੇ ਫਾਈਲ ਬੰਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਹਰਮਨਜੀਤ ਦੀ ਭੇਦਭਰੀ ਮੌਤ ਦੀ ਖ਼ਬਰ ਅਖ਼ਬਾਰਾਂ ਵਿੱਚ ਪੜ੍ਹ ਕੇ ਅੱਜ ਉਹ ਮੁਹਾਲੀ ਆਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਪ੍ਰਸ਼ਾਸਨ ਨੇ ਉਸ ਦੀ ਐਂਟਰੀ ਬਾਰੇ ਰਜਿਸਟਰ ਵਿੱਚ ਵੀ ਛੇੜਛਾੜ ਕੀਤੀ ਗਈ ਹੈ।
ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੋਵੇਂ ਪੀੜਤ ਪਰਿਵਾਰਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਕਾਨੂੰਨੀ ਚਾਰਾਜੋਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀ ਸੁਰੱਖਿਅਤ ਨਹੀਂ ਹਨ। ਇੰਝ ਹੀ ਫਿਰੋਜ਼ਪੁਰ ਸਕੂਲ ਵਿੱਚ ਵੀ ਇਕ ਵਿਦਿਆਰਥਣ ਦੀ ਭੇਦਭਰੀ ਮੌਤ ਹੋਈ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਅਤੇ ਸਿੱਖਿਆ ਵਿਭਾਗ ਨੇ ਨਿਰਪੱਖ ਜਾਂਚ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਤਾਂ ਉਹ ਹਾਈ ਕੋਰਟ ਦਾ ਬੂਹਾ ਖੜਕਾਉਣਗੇ ਅਤੇ ਜੇਕਰ ਲੋੜ ਪਈ ਤਾਂ ਜਨ ਅੰਦੋਲਨ ਵਿੱਢਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…