
ਸੰਗਰੂਰ ਜਿਮਨੀ ਚੋਣ: ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਨੇ ਚੋਣ ਜਿੱਤੀ
ਕਾਂਗਰਸ, ਭਾਜਪਾ ਤੇ ਅਕਾਲੀ ਦਲ ਬੁਰੀ ਤਰਾਂ ਹਾਰੇ
ਨਬਜ਼-ਏ-ਪੰਜਾਬ ਬਿਊਰੋ, ਸੰਗਰੂਰ 26 ਜੂਨ:
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੀ ਲੋਕ ਸਭਾ ਦੀ ਜਿਮਨੀ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਚੋਣ ਹਾਰ ਗਏ ਹਨ। ਜਦੋਂਕਿ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਹਨ। ਵੋਟਰਾਂ ਨੇ ਅਕਾਲੀ ਦਲ ਨੂੰ ਪਿੱਛੇ ਧੱਕ ਕੇ ਪੰਜਵੇਂ ਸਥਾਨ ‘ਤੇ ਪਹੁੰਚਾ ਦਿੱਤਾ ਹੈ।
ਸੰਗਰੂਰ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਬੇਹੱਦ ਨਾ ਖੁਸ਼ ਹਨ। ਜਿਸ ਕਰਕੇ ਲੋਕਾਂ ਨੇ ਸੰਗਰੂਰ ਵਿੱਚ ਭਗਵੰਤ ਮਾਨ ਦਾ ਕਿਲਾ ਢਾਹ ਦਿੱਤਾ ਹੈ। ਕਹਿਣ ਤੋਂ ਭਾਵ ਲੋਕ ਆਪ ਦੀ ਸਰਕਾਰ ਦੇ ਤਿੰਨ ਮਹੀਨੇ ਦੇ ਸ਼ਾਸ਼ਨ ਤੋਂ ਖੁਸ਼ ਨਹੀਂ ਹਨ।

ਸਿਮਰਨਜੀਤ ਸਿੰਘ ਮਾਨ ਜਿੱਤ ਹਾਸਲ ਕਰਨ ਤੋਂ ਬਾਅਦ ਵਾਹਿਗੁਰੂ ਦਾ ਸੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਮਸਤੂਆਣਾ ਸਾਹਿਬ ਨਤਮਸਤਕ ਹੋਏ। ਉਹਨਾਂ ਆਪਣੀ ਜਿੱਤ ਦਾ ਸਿਹਰਾ ਸੰਗਰੂਰ ਦੇ ਲੋਕਾਂ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀ ਸੋਚ ਨਾਲ ਜੁੜੇ ਲੋਕਾਂ ਨੂੰ ਦਿੱਤਾ ਹੈ।