nabaz-e-punjab.com

ਸੰਗਰੂਰ ਪੁਲੀਸ ਵੱਲੋਂ ਬੈਂਕ ਗਾਹਕਾਂ ਨੂੰ ਧੋਖਾਧੜੀ ਨਾਲ ਠੱਗਣ ਵਾਲੇ ਦੋ ਗਰੋਹਾਂ ਦਾ ਪਰਦਾਫਾਸ਼, 6 ਕਾਬੂ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਸੰਗਰੂਰ, 19 ਸਤੰਬਰ:
ਇੱਕ ਸਾਂਝੀ ਮੁਹਿੰਮ ਤਹਿਤ ਪੰਜਾਬ ਪੁਲੀਸ ਨੇ ਅੰਤਰਰਾਜੀ ਸਾਈਬਰ ਘੁਟਾਲੇ ਕਰਨ ਵਾਲੇ ਦੇ ਦੋ ਗਰੋਹਾਂ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਨੇ ਬੈਂਕ ਅਧਿਕਾਰੀ ਬਣਕੇ ਵੱਡੀ ਗਿਣਤੀ ਵਿੱਚ ਭੋਲੇ ਭਾਲੇ ਬੈਂਕ ਗਾਹਕਾਂ ਦੇ ਮਿਹਨਤ ਨਾਲ ਕਮਾਏ ਪੈਸੇ ਠੱਗਣ ਦਾ ਧੋਖਾ ਕੀਤਾ ਸੀ। ਪੁਲੀਸ ਨੇ ਉਨਾਂ ਕੋਲੋਂ 8.85 ਲੱਖ ਰੁਪਏ ਨਗਦ, 11 ਮੋਬਾਈਲ ਫੋਨ, 9 ਹੈਂਡਸੈੱਟ ਅਤੇ 100 ਸਿਮ ਕਾਰਡ ਵੀ ਬਰਾਮਦ ਕੀਤੇ ਹਨ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨਾਂ ਵਿਚੋਂ ਚਾਰ ਮੈਂਬਰਾਂ ਵਾਲਾ ਇੱਕ ਗਿਰੋਹ ਦਿੱਲੀ ਤੋਂ ਕੰਮ ਕਰ ਰਿਹਾ ਸੀ ਅਤੇ 2 ਵਿਅਕਤੀਆਂ ਵਾਲਾ ਦੂਸਰਾ ਗਿਰੋਹ ਬਿਹਾਰ ਦੇ ਖੇਤਰ ਜਮਤਾਰਾ ਤੋਂ ਕੰਮ ਕਰ ਰਿਹਾ ਸੀ ਜੋ ਆਨਲਾਈਨ ਘੁਟਾਲਿਆਂ ਲਈ ਮਸ਼ਹੂਰ ਸੀ ਅਤੇ ਉਹ ਲੁਧਿਆਣਾ ਵਿੱਚ ਸਰਗਰਮ ਸੀ। ਸ੍ਰੀ ਗੁਪਤਾ ਨੇ ਕਿਹਾ ਕਿ ਇਹ ਛੇ ਘੁਟਾਲੇਬਾਜ਼ ਖੇਤਰ ਵਿੱਚ ਸਰਗਰਮ ਸਨ ਅਤੇ ਉਨਾਂ ਦੀ ਗ੍ਰਿਫ਼ਤਾਰੀ ਨਾਲ ਹੁਣ ਤੱਕ ਚਾਰ ਕੇਸ ਹੱਲ ਕੀਤੇ ਗਏ ਹਨ।
ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਡੀਐਸਪੀ (ਡੀ) ਮੋਹਿਤ ਅਗਰਵਾਲ ਦੀ ਅਗਵਾਈ ਵਿੱਚ ਐਸਐਸਪੀ ਸੰਗਰੂਰ ਸੰਦੀਪ ਗਰਗ ਦੀ ਨਿਗਰਾਨੀ ਵਾਲੇ ਸਾਈਬਰ ਸੈੱਲ ਅਤੇ ਸੀ.ਆਈ.ਏ ਦੀ ਇਕ ਵਿਸ਼ੇਸ਼ ਸਾਂਝੀ ਟੀਮ ਨੇ ਕੀਤੀ। ਡੀਜੀਪੀ ਨੇ ਦੱਸਿਆ ਕਿ ਪੱਛਮੀ ਦਿੱਲੀ ਦੇ ਚਾਣਕਿਆ ਪਲੇਸ ਦਾ ਵਸਨੀਕ ਮੁਹੰਮਦ ਫਰੀਦ ਦਿੱਲੀ ਗਰੋਹ ਦਾ ਸਰਗਨਾ ਸੀ ਜੋ ਕਿ ਪੰਖਾ ਰੋਡ ਖੇਤਰ ਵਿਚ ਪਲੈਟੀਨਮ ਵੇਕੇਸ਼ਨਜ਼ ਪ੍ਰਾਈਵੇਟ ਲਿਮਟਿਡ ਨਾਂ ਦਾ ਕਾਲ ਸੈਂਟਰ ਚਲਾ ਰਿਹਾ ਸੀ। ਉਸਦੀਆਂ ਕਾਰਵਾਈਆਂ ਨੂੰ ਇਕ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਛਾਪੇਮਾਰੀ ਦੌਰਾਨ 1,20,000 ਰੁਪਏ ਨਕਦ, 7 ਮੋਬਾਈਲ ਫੋਨ, 9 ਹੈਂਡਸੈੱਟ ਟੈਲੀਫੋਨ (ਬੀਟਲ ਬ੍ਰਾਂਡ) ਅਤੇ 90 ਸਿਮ ਕਾਰਡ ਬਰਾਮਦ ਹੋਏ।
ਸ੍ਰੀ ਗੁਪਤਾ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ ਐਚ.ਡੀ.ਐਫ.ਸੀ ਬੈਂਕ ਖਾਤਾ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਉਹ ਇਸ ਬਹਾਨੇ ਆਪਣੇ ਪੀੜਤਾਂ ਕੋਲੋਂ ਨਿੱਜੀ ਬੈਂਕ ਨਾਲ ਸਬੰਧਤ ਜਾਣਕਾਰੀ ਲੈਂਦੇ ਸਨ ਕਿ ਉਨਾਂ ਦਾ ਡੈਬਿਟ / ਕ੍ਰੈਡਿਟ ਕਾਰਡ ਚੱਲ ਰਹੇ ਕੋਵਿਡ ਸੰਕਟ ਕਾਰਨ ਖਤਮ ਹੋ ਰਿਹਾ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਉਨਾਂ ਦੇ ਮੋਬਾਈਲ ਫੋਨਾਂ ‘ਤੇ ਭੇਜੇ ਗਏ ਆਪਣੇ ਕਾਰਡ ਦੇ ਵੇਰਵੇ ਅਤੇ ਢੁਕਵਾਂ ਓਟੀਪੀ ਪ੍ਰਾਪਤ ਕਰਨ ਤੋਂ ਬਾਅਦ, ਇਹ ਵਿਅਕਤੀ ਬਿਨਾਂ ਡਰੋਂ ਪੀੜਤਾਂ ਦੇ ਖਾਤਿਆਂ’ ਚੋਂ ਪੈਸੇ ਉਨਾਂ ਦੇ ਫਰਜ਼ੀ ਪੇ-ਟੀਐਮ ਖਾਤਿਆਂ ਵਿੱਚਚ ਟਰਾਂਸਫਰ ਕਰਦੇ ਸਨ। ਉਨਾਂ ਕਿਹਾ ਕਿ ਜਾਂਚ ਟੀਮ ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਜਿਨਾਂ ਨੂੰ ਇਨਾਂ ਫਰਜ਼ੀ ਪੇ-ਟੀਐਮ ਖ਼ਾਤਿਆਂ ਨੂੰ ਚਲਾਉਣ ਲਈ ਵਰਤਿਆ ਜਾ ਰਿਹਾ ਸੀ।
ਡੀਜੀਪੀ ਨੇ ਦੱਸਿਆ ਕਿ ਫਰੀਦ ਤੋਂ ਇਲਾਵਾ ਉਸਦੇ ਸਾਥੀ ਸੰਜੇ ਕਸ਼ਯਪ ਉਰਫ ਦਾਦਾ, ਮੁਕੇਸ਼ ਅਤੇ ਉਪੇਂਦਰ ਕੁਮਾਰ ਸਿੰਘ, ਸਾਰੇ ਪੱਛਮੀ ਦਿੱਲੀ ਦੇ ਵਸਨੀਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਵਿਰੁਧ ਥਾਣਾ ਸਿਟੀ 1 ਸੰਗਰੂਰ ਵਿਖੇ ਐਫਆਈਆਰ ਨੰ. 178 ਮਿਤੀ 27/08/2020 ਨੂੰ ਆਈਪੀਸੀ ਦੀ ਧਾਰਾ 420, 66ਡੀ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸ੍ਰੀ ਗੁਪਤਾ ਨੇ ਦੱਸਿਆ ਕਿ ਜਮਤਾਰਾ ਗੈਂਗ ਦੇ ਦੋ ਮੈਂਬਰਾਂ, ਨੂਰ ਅਲੀ ਅਤੇ ਪਵਨ ਕੁਮਾਰ, ਕ੍ਰਮਵਾਰ ਮੰਡੀ ਗੋਬਿੰਦਗੜ ਅਤੇ ਬਸਤੀ ਜੋਧੇਵਾਲ ਨੂੰ ਲੁਧਿਆਣਾ ਨਾਮਜ਼ਦ ਕੀਤਾ ਗਿਆ ਹੈ। ਇਹ ਜੋੜੀ ਆਪਣੇ ਕੇ.ਵਾਈ.ਸੀ. ਵੇਰਵਿਆਂ ਨੂੰ ਮੁੜ ਪ੍ਰਮਾਣਿਤ ਕਰਨ ਦੇ ਬਹਾਨੇ ਲੋਕਾਂ ਨੂੰ ਬੈਂਕ ਅਧਿਕਾਰੀ ਬਣ ਕੇ ਠੱਗਦੇ ਸੀ। ਆਪਣੇ ਪੀੜਤ ਦੇ ਬੈਂਕਿੰਗ ਵੇਰਵੇ ਅਤੇ ਓਟੀਪੀ ਦੀ ਮੰਗ ਕਰਨ ਤੋਂ ਬਾਅਦ, ਉਹ ਉਨਾਂ ਨੂੰ ਇੱਕ “ਕਿਊ ਐਸ ਟੀਮ ਵਿਊਅਰ ਐਪ“ ਡਾਊਨਲੋਡ ਕਰਨ ਅਤੇ ਥੋੜੇ ਸਮੇਂ ਲਈ ਆਪਣੇ ਮੋਬਾਈਲ ਫੋਨਾਂ ਨੂੰ ਬੰਦ ਕਰਨ ਲਈ ਕਹਿੰਦੇ। ਇਸ ਦੌਰਾਨ, ਉਹ ਆਪਣੇ ਪੀੜਤ ਲੋਕਾਂ ਦੇ ਖਾਤਿਆਂ ਵਿੱਚੋਂ ਸੁਗਲ ਦਮਾਨੀ ਸਹੂਲਤ ਸੇਵਾਵਾਂ ਰਾਹੀਂ ਪੈਸੇ ਕੱਢ ਕੇ ਨੂਰ ਅਲੀ ਦੇ ਮੋਬੀਕਵਿਕ ਵਾਲਿਟ ਵਿੱਚ ਪੈਸੇ ਭੇਜ ਦਿੰਦੇ ਸਨ।
ਬਾਅਦ ਵਿੱਚ ਇਹ ਪੈਸਾ ਪਵਨ ਕੁਮਾਰ ਦੇ ਮੋਬੀਕਵਿਕ ਵਾਲਿਟ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ। ਪਵਨ, ਜੋ ਬਾਲੀ ਟੈਲੀਕਾਮ ਦੇ ਨਾਂ ਹੇਠ ਮੋਬਾਈਲ ਫੋਨ ਰਿਚਾਰਜ ਕਰਨ ਦਾ ਕਾਰੋਬਾਰ ਚਲਾਉਂਦਾ ਸੀ, ਇਸ ਧੋਖੇ ਨਾਲ ਕੀਤੀ ਕਮਾਈ ਨਾਲ ਆਪਣੇ ਕਈ ਗਾਹਕਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਆਪਣੇ ਈ-ਵਾਲਿਟ ਰਾਹੀਂ ਕਰਦਾ ਸੀ ਅਤੇ ਬਿਲ ਵਿੱਚ ਛੂਟ ਦਾ ਲਾਲਚ ਦੇ ਕੇ ਉਹ ਇਨਾਂ ਗਾਹਕਾਂ ਤੋਂ ਬਦਲੇ ਵਿੱਚ ਨਕਦ ਪੈਸਾ ਲੈਂਦਾ ਸੀ।
ਪੁਲੀਸ ਨੇ ਉਸ ਕੋਲੋਂ 7,65,000 ਨਕਦ, 2 ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਹਨ। ਇਹ ਜੋੜੀ ਨੂੰ ਆਈਪੀਸੀ ਦੀ ਧਾਰਾ 420, 120-ਬੀ, 66-ਡੀ ਆਈ ਟੀ ਐਕਟ 2008 ਤਹਿਤ ਥਾਣਾ ਸਦਰ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਡੀਜੀਪੀ ਨੇ ਇਸ ਦੌਰਾਨ ਲੋਕਾਂ ਨੂੰ ਆਨਲਾਈਨ ਟ੍ਰਾਂਜੈਕਸ਼ਨਾਂ ਕਰਨ ਵੇਲੇ ਬਹੁਤ ਸੁਚੇਤ ਰਹਿਣ ਅਤੇ ਆਪਣੇ ਬੈਂਕ ਖਾਤੇ ਦੇ ਵੇਰਵੇ ਸਾਂਝੇ ਨਾ ਕਰਕੇ ਅਜਿਹੇ ਘੁਟਾਲਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਸਬੰਧਤ ਤਸਵੀਰ: ਡੀਜੀਪੀ ਦਿਨਕਰ ਗੁਪਤਾ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…