nabaz-e-punjab.com

ਸੰਗਰੂਰ ਵਿੱਚ 1500 ਲੀਟਰ ਦੱੁਧ, 155 ਕਿੱਲੋ ਪਨੀਰ, 180 ਕਿੱਲੋ ਨਕਲੀ ਦੁੱਧ ਤੋਂ ਬਣੇ ਪਦਾਰਥ ਬਰਾਮਦ

ਉੱਡਣ ਦਸਤਿਆਂ ਦਾ ਗਠਨ: ਫੂਡ ਸੇਫਟੀ ਟੀਮਾਂ ਨੂੰ ਸੀਆਈਏ ਸਟਾਫ਼ ਦਾ ਮਿਲੇਗਾ ਸਹਿਯੋਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਸੰਗਰੂਰ, 2 ਸਤੰਬਰ:
ਪੰਜਾਬ ਵਿੱਚ ਛਾਪੇਮਾਰੀਆਂ ਦੀ ਵਧਦੀ ਰਫਤਾਰ ਦੇ ਮੱਦੇਨਜ਼ਰ ਸਥਾਨਕ ਫੂਡ ਸੇਫਟੀ ਟੀਮਾਂ ਉੱਤੇ ਭਾਰ ਵਧਦਾ ਜਾ ਰਿਹਾ ਹੈ। ਫੂਡ ਸੇਫਟੀ ਦੀਆਂ ਟੀਮਾਂ ਨੂੰ ‘ਪੈਸਾ’ ਤੇ ‘ਸਿਫਾਰਸ਼’ ਨਾਲ ਰੋਕਣ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਸ਼ਰਾਰਤੀ ਤੱਤਾਂ ਵੱਲੋਂ ਕਈ ਥਾਵਾਂ ‘ਤੇ ਗਾਲੀ-ਗਲੋਚ, ਕੁੱਟ-ਮਾਰ ਤੇ ਜ਼ੋਰ-ਅਜ਼ਮਾਈ ਦੇ ਮਾਮਲੇ ਵੀ ਸਾਹਮਣੇ ਆਏ ਹਨ। ਫੂਡ ਸੇਫਟੀ ਦੀਆਂ ਦਾ ਮਨੋਬਾਲ ਵਧਾਉਣ ਅਤੇ ਭੋਜਨ-ਲੜੀ ਨੂੰ ਮਿਲਾਵਟਖੋਰਾਂ ਤੋਂ ਮੁਕਤ ਕਰਵਾਉਣ ਲਈ ਵਿਸ਼ੇਸ਼ ਉੱਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਲੋੜ ਪੈਣ ‘ਤੇ ਸਥਾਨਕ ਪੱਧਰ ਦੇ ਸੀਆਈ ਸਟਾਫ ਦਾ ਸਹਿਯੋਗ ਵੀ ਇਨ੍ਹਾਂ ਦਸਤਿਆਂ ਨੂੰ ਦਿੱਤਾ ਜਾਵੇ।
ਇਹ ਜਾਣਕਾਰੀ ਕਾਹਨ ਸਿੰਘ ਪੰਨੂ ਕਮਿਸ਼ਨਰ ਫੂਡ ਸੇਫਟੀ ਅਤੇ ਡਰੱਗ ਪ੍ਰਬੰਧਨ ਪੰਜਾਬ ਨੇ ਦਿੰਦਿਆਂ ਕਿਹਾ ਕਿ ਹੁਣ ਜਦੋਂ ਮਿਲਾਵਟਖੋਰਾਂ ਵਿਰੁੱਧ ਚਲਾਈ ਇਹ ਮੁਹਿੰਮ ਨਿਰਨਾਇਕ ਪੜ੍ਹਾਵਾਂ ਤੇ ਹੈ ਤਾਂ ਅਜਿਹੇ ਸਮੇਂ ਜਾਂਚ ਕਰਨ ਵਾਲੇ ਸਟਾਫ ਦਾ ਹੱਥ ਫੜਨਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਹੁਣ ਤੋਂ ਕੋਈ ਵੀ ਛਾਪੇਮਾਰੀ ਸਥਾਨਕ ਟੀਮ ਵੱਲੋਂ ਨਹੀਂ ਬਲਕਿ ਲੋੜ ਪੈਣ ‘ਤੇ ਹੈੱਡ ਆਫਿਸ ਦੇ ਨਿਰਦੇਸ਼ਾਂ ‘ਤੇ ਹੋਰਾਂ ਜ਼ਿਲ੍ਹਿਆਂ ਦੇ ਅਸਿਸਟੈਂਟ ਕਮਿਸ਼ਨਰ ਫੂਡ(ਏਸੀਐਫ) ਨੂੰ ਵੀ ਇਨ੍ਹਾਂ ਛਾਪੇਮਾਰੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸਥਾਨਕ ਪੱਧਰ ‘ਤੇ ਕਿਸੇ ਨੂੰ ਵੀ ਛਾਪੇਮਾਰੀ ਕਰਨ ਵਾਲੇ ਏਸੀਐਫ ਦੀ ਜਾਣਕਾਰੀ ਨਾ ਹੋ ਸਕੇ। ਇਸੇ ਆਧਾਰ ’ਤੇ ਸਥਾਨਕ ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਸੰਗਰੂਰ ਵਿੱਚ ਲੋਕਲ ਫੂਡ ਸੇਫਟੀ ਟੀਮ, ਡੇਅਰੀ ਵਿਕਾਸ ਅਫਸਰਾਂ, ਏਸੀਐਫ ਤੇ ਪਟਿਆਲਾ, ਲੁਧਿਆਣਾ,ਮਾਨਸਾ ਦੇ ਡੇਅਰੀ ਅਫਸਰਾਂ ਅਤੇ ਸੀਆਈ ਸਟਾਫ ਸੰਗਰੂਰ ਵੱਲੋਂ ਸਾਂਝੇ ਰੂਪ ਵਿੱਚ ਅਹਿਮਦਗੜ੍ਹ ਦੀਆਂ ਤਿੰਨ ਡੇਅਰੀਆਂ ‘ਤੇ ਛਾਪੇਮਾਰੀ ਕੀਤੀ ਗਈ।
ਇਹ ਸਾਰੀਆਂ ਡੇਅਰੀਆਂ ਨਕਲੀ ਦੱੁਧ ਤੋਂ ਬਣੇ ਪਦਾਰਥ ਲੁਧਿਆਣਾ ਸਪਲਾਈ ਕਰਦੀਆਂ ਸਨ। ਵਿਜੈ ਮਿਲਕ ਸੈਂਟਰ ਤੋਂ 500 ਲਿਟਰ ਦੁੱਧ, 105 ਕਿੱਲੋ ਪਨੀਰ, 100 ਕਿੱਲੋ ਖੋਇਆ, ਬਿੱਲੂ ਡੇਅਰੀ ਤੋਂ 200 ਲੀਟਰ ਦੁੱਧ ,90 ਕਿੱਲੋ ਪਨੀਰ, 35 ਕਿੱਲੋ ਖੋਇਆ ਅਤੇ ਖੁਸ਼ੀ ਮਿਲਕ ਸੈਂਟਰ ਤੋਂ 800 ਲੀਟਰ ਨਕਲੀ ਦੁੱਧ, 60 ਕਿਲੋ ਪਨੀਰ ਅਤੇ 45 ਕਿੱਲੋ ਖੋਇਆ ਬਰਾਮਦ ਕੀਤਾ ਗਿਆ। ਇਸ ਤਰ੍ਹਾਂ ਇਸ ਛਾਪੇਮਾਰੀ ਦੌਰਾਨ ਕੱੁਲ 1500 ਲੀਟਰ ਦੁੱਧ, 155 ਕਿੱਲੋ ਪਨੀਰ ਅਤੇ 180 ਕਿੱਲੋ ਸ਼ੱਕੀ ਦੱੁਧ ਉਤਪਾਦ ਬਰਾਮਦ ਹੋਏ। ਮੌਕੇ ਤੋਂ ਜ਼ਬਤ ਕੀਤੇ ਮਾਲ ਦੇ ਸੈਂਪਲ ਸਟੇਟ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ। ਇਹ ਛਾਪੇਮਾਰੀ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਸਵੇਰੇ 2 ਵਜੇ ਕੀਤੀ ਗਈ ਜੋ ਕਿ ਤੰਦਰੁਸਤ ਪੰਜਾਬ ਮਿਸ਼ਨ ਅਤੇ ਫੂਡ ਸੇਫਟੀ ਟੀਮ ਦੀ ਸੁਹਿਰਦਤਾ ਨੂੰ ਬਿਆਨ ਕਰਦੀ ਹੈ। ਪਹਿਲਾਂ ਫੂਡ ਸੇਫਟੀ ਟੀਮ ਵੱਲੋਂ ਹੁਸ਼ਿਆਰਪੁਰ ਵਿੱਚ ਐਫਬੀਓ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਸੀ ਜੋ ਕਿ ਮੁਹਿੰਮ ਦੇ ਡਰੋਂ ਆਪਣੇ ਕੰਮ ਕਰਨ ਦੀ ਵਿਧੀ ਨੂੰ ਬਦਲ ਕੇ ਹੁਣ ਆਪਣੇ ਘਰ ਤੋਂ ਬਿਨਾਂ ਕਿਸੇ ਲਾਇਸੈਂਸ ਦੇ ਇਹ ਕਾਲਾ ਧੰਦਾ ਚਲਾ ਰਿਹਾ ਸੀ। ਤੜਕਸਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵੱਲੋਂ ਕੀਤੀ ਇਸ ਛਾਪੇਮਾਰੀ ਦੌਰਾਨ 150 ਕਿੱਲੋ ਮਾੜੇ ਦਰਜੇ ਦਾ ਪਨੀਰ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਇੱਕ ਮਠਿਆਈ ਦੀ ਦੁਕਾਨ ਤੋਂ 15 ਕਿੱਲੋ ਮੁਸ਼ਕੀ ਹੋਈ ਤੇ ਬਾਸੀ ਮਠਿਆਈ ਜ਼ਬਤ ਕਰਕੇ ਮੌਕੇ ’ਤੇ ਨਸ਼ਟ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…