
ਸਿੱਧੂ ਵੱਲੋਂ ਪੇਂਡੂ ਅੌਰਤਾਂ ਦੇ ਵਿਕਾਸ ਲਈ ਰਾਊਂਡਗਲਾਸ ਫਾਊਂਡੇਸ਼ਨ ਦੇ ਸੈਨੇਟਰੀ ਪੈਡ ਮੇਕਿੰਗ ਯੂਨਿਟ ਦਾ ਉਦਘਾਟਨ
ਪੇਂਡੂ ਅੌਰਤਾਂ ਦੀ ਟੀਮ ਗਲਣਯੋਗ ਕੱਚੇ ਮਾਲ ਨਾਲ ਵਧੀਆ ਕੁਆਲਿਟੀ ਦੇ ਰੋਜ਼ਾਨਾ ਬਣਾਏਗੀ 800 ਸੈਨੇਟਰੀ ਪੈਡ
ਮਨੌਲੀ ਤੇ ਨੇੜਲੇ ਪਿੰਡਾਂ ਦੀਆਂ ਅੌਰਤਾਂ ਨੂੰ ਆਸਾਨੀ ਨਾਲ ਮਿਲ ਸਕਣਗੇ ਸੈਨੇਟਰੀ ਪੈਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਪੰਜਾਬ ਸਰਕਾਰ ਨੇ ਅੌਰਤਾਂ ਦੇ ਵਿਕਾਸ ਲਈ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਕਰਨ, ਅਸ਼ੀਰਵਾਦ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਅਤੇ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਵਿੱਚ ਅੌਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਇਤਿਹਾਸਕ ਕਦਮ ਚੁੱਕੇ ਹਨ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਮਨੌਲੀ ਵਿਖੇ ਰਾਊਡਗਲਾਸ ਫਾਊਂਡੇਸ਼ਨ ਵੱਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੈਨੇਟਰੀ ਪੈਡ ਮੇਕਿੰਗ ਯੂਨਿਟ ਦਾ ਉਦਘਾਟਨ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸਿਹਤ ਮੰਤਰੀ ਨੇ ਸਰਕਾਰ ਦੇ ਅਖੀਰਲੇ ਬਜਟ ਨੂੰ ਪੰਜਾਬ ਦੀ ਤਰੱਕੀ ਅਤੇ ਵਿਕਾਸ ਮੁਖੀ ਦੱਸਦਿਆਂ ਕਿਹਾ ਕਿ ਬਜਟ ਤਹਿਤ ਪੈਨਸ਼ਨਰਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ। ਅਸ਼ੀਰਵਾਦ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਨਾਲ ਗਰੀਬ ਪਰਿਵਾਰਾਂ ਨੂੰ ਵੱਡੇ ਪੱਧਰ ਉੱਤੇ ਲਾਭ ਮਿਲੇਗਾ। ਅੌਰਤਾਂ ਨੂੰ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਪੰਜਾਬ ਸਰਕਾਰ ਨੇ ਵਿਸ਼ਵ ਮਹਿਲਾ ਦਿਵਸ ਉੱਤੇ ਵੱਡਾ ਤੇ ਅਰਥ ਭਰਪੂਰ ਤੋਹਫ਼ਾ ਦਿੱਤਾ ਹੈ। ਇਸ ਨਾਲ ਅੌਰਤਾਂ ਨੂੰ ਸਫ਼ਰ ਸਬੰਧੀ ਆਰਥਿਕ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅੌਰਤਾਂ ਦੇ ਵਿਕਾਸ ਲਈ ਸਿਹਤ ਅਤੇ ਸਫ਼ਾਈ ਸਬੰਧੀ ਕੰਮ ਕਰਨਾ ਸਮੇਂ ਦੀ ਲੋੜ ਹੈ। ਸੈਨੇਟਰੀ ਪੈਡ ਮੇਕਿੰਗ ਯੂਨਿਟ ਰਾਹੀਂ ਰਾਊਂਡਗਲਾਸ ਫਾਊਂਡੇਸ਼ਨ ਪੇਂਡੂ ਅੌਰਤਾਂ ਨੂੰ ਸਸਤੀਆਂ ਸੈਨੇਟਰੀ ਪੈਡਾਂ ਪ੍ਰਦਾਨ ਕਰਵਾ ਰਹੀ ਹੈ। ਇਸ ਯੂਨਿਟ ਵਿੱਚ ਰੋਜ਼ਾਨਾ ਗਲਣਯੋਗ ਕੱਚੇ ਮਾਲ ਨਾਲ 800 ਪੈਡ ਬਣਨਗੇ। ਸੰਸਥਾ ਵੱਲੋਂ ਮਨੌਲੀ ਪਿੰਡ ਦੀਆਂ 10 ਅੌਰਤਾਂ ਦੇ ਇੱਕ ਸੈਲਫ ਹੈਲਪ ਗਰੁੱਪ ਨੂੰ ਟਰੇਨਿੰਗ ਦਿੱਤੀ ਗਈ ਜੋ ਹੁਣ ਯੂਨਿਟ ਦੀ ਦੇਖਰੇਖ ਕਰਨਗੀਆਂ, ਉਤਪਾਦਨ ਤੋਂ ਲੈ ਕੇ ਪਿੰਡਾਂ ਵਿੱਚ ਮਾਰਕੀਟਿੰਗ ਅਤੇ ਵਿਕਰੀ ਦਾ ਕੰਮ ਵੀ ਸੰਭਾਲਨਗੀਆਂ।
ਇਸ ਤੋਂ ਪਹਿਲਾਂ ਰਾਊਡਗਲਾਸ ਫਾਊਂਡੇਸ਼ਨ ਦੀ ਮੁਖੀ ਪ੍ਰੇਰਨਾ ਲਾਂਗਾ ਨੇ ਕਿਹਾ ਕਿ ਮਨੌਲੀ ਦੀਆਂ ਅੌਰਤਾਂ ਦੇ ਇਸ ਯੂਨਿਟ ਪ੍ਰਤੀ ਹੌਸਲੇ ਅਤੇ ਵਿਸ਼ਵਾਸ ਨੂੰ ਦੇਖ ਕੇ ਬਹੁਤ ਖੁਸ਼ੀ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਅੌਰਤਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ ’ਤੇ ਆਪ ਖੜੀਆਂ ਹੋ ਸਕਣ। ਇਸ ਸਾਲ ਸੰਸਥਾ ਦਾ ਟੀਚਾ ਸੈਲਫ ਹੈਲਪ ਗਰੁੱਪ ਦੀਆਂ ਅੌਰਤਾਂ ਲਈ 5 ਹੋਰ ਪੈਡ ਮੇਕਿੰਗ ਯੂਨਿਟ ਖੋਲ੍ਹਣਾ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਏਡੀਸੀ (ਵਿਕਾਸ) ਰਾਜੀਵ ਕੁਮਾਰ ਗੁਪਤਾ, ਬੀਡੀਪੀਓ ਹਿਤੇਨ ਕਪਿਲਾ, ਗੁਰਧਿਆਨ ਸਿੰਘ ਦੁਰਾਲੀ, ਜ਼ੋਰਾ ਸਿੰਘ ਸਰਪੰਚ ਮਨੌਲੀ, ਏਪੀ ਸਿੰਘ, ਅਰਸ਼ਿੰਦਰ ਰੰਧਾਵਾ, ਸਿਮਰਨ ਧਾਲੀਵਾਲ, ਸਾਕਸ਼ੀ ਭਾਟੀਆ, ਬ੍ਰਹਮਦੀਪ ਭਾਟੀਆ ਅਤੇ ਪਿੰਡ ਦੀਆਂ ਅੌਰਤਾਂ ਮੌਜੂਦ ਸਨ।