
ਸਫ਼ਾਈ ਕਾਮਿਆਂ ਵੱਲੋਂ ਡੀਐਸਪੀ ਦੇ ਲਿਖਤੀ ਭਰੋਸੇ ਮਗਰੋਂ ਦੋ ਮਈ ਤੱਕ ਹੜਤਾਲ ਮੁਲਤਵੀ
5 ਮਈ ਨੂੰ ਐੱਸਐੱਸਪੀ ਦਫ਼ਤਰ ਦੇ ਬਾਹਰ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦੀ ਚਿਤਾਵਨੀ
ਨਬਜ਼-ਏ-ਪੰਜਾਬ, ਮੁਹਾਲੀ, 25 ਅਪਰੈਲ:
ਮੁਹਾਲੀ ਦੇ ਸਫ਼ਾਈ ਕਾਮਿਆਂ ਨੇ ਡੀਐਸਪੀ ਦੇ ਲਿਖਤੀ ਭਰੋਸੇ ਤੋਂ ਬਾਅਦ ਆਪਣੀ ਹੜਤਾਲ ਦੋ ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਅੱਜ (25 ਅਪਰੈਲ) ਨੂੰ ਮੁਹਾਲੀ ਸ਼ਹਿਰ ਵਿੱਚ ਘਰ-ਘਰ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕਰਕੇ ਆਈਟੀ ਸਿਟੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰਾਂ ਦੇ ਘਰਾਂ ਅੱਗੇ ਗੰਦਗੀ ਸੁੱਟਣ ਕੀਤੇ ਗਏ ਐਲਾਨ ਮੁਤਾਬਕ ਐਰੋਸਿਟੀ ਦੇ ਬਲਾਕ-ਏ ਵਿਖੇ ਸਫ਼ਾਈ ਸੇਵਕਾਂ ਨੇ ਵੱਡਾ ਇਕੱਠ ਕੀਤਾ। ਜਿਸ ਵਿੱਚ ਮੁਹਾਲੀ ਸਮੇਤ ਜ਼ੀਰਕਪੁਰ, ਖਰੜ ਅਤੇ ਨਵਾਂ ਗਰਾਓਂ ਤੋਂ ਵੱਡੀ ਗਿਣਤੀ ਵਿੱਚ ਸਫ਼ਾਈ ਸੇਵਕਾਂ ਨੇ ਸ਼ਮੂਲੀਅਤ ਕੀਤੀ।
ਰੈਲੀ ਨੂੰ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਰਾਜਨ ਚਾਵਰੀਆ, ਬ੍ਰਿਜ ਮੋਹਨ, ਰਾਜੂ ਸੰਗੇਲਿਆ, ਸਚਿਨ ਕੁਮਾਰ, ਰੋਸ਼ਨ ਲਾਲ, ਜ਼ੀਰਕਪੁਰ ਤੋਂ ਜੈ ਸਿੰਘ, ਖਰੜ ਤੋਂ ਬਿੰਦਰ ਸਿੰਘ, ਬਲਕੇਸ਼ ਕੁਮਾਰ ਨੇ ਸੰਬੋਧਨ ਕੀਤਾ। ਇਸ ਦੌਰਾਨ ਜਿਵੇਂ ਸਫ਼ਾਈ ਸੇਵਕਾਂ ਨੇ ਕੂੜੇ ਦੀਆਂ ਰੇਹੜੀਆਂ ਭਰ ਕੇ ਰੋਸ ਮਾਰਚ ਸ਼ੁਰੂ ਕੀਤਾ ਤਾਂ ਉੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਪੁਲੀਸ ਫੋਰਸ ਲੈ ਕੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਦੌਰਾਨ ਸਫ਼ਾਈ ਕਾਮਿਆਂ ਅਤੇ ਪੁਲੀਸ ਵਿਚਾਲੇ ਬਹਿਸ ਵੀ ਹੋਈ ਲੇਕਿਨ ਬਾਅਦ ਵਿੱਚ ਡੀਐਸਪੀ ਬੱਲ ਨੇ ਲਿਖਤੀ ਭਰੋਸਾ ਦਿੱਤਾ ਕਿ 1 ਮਈ ਤੋਂ ਬਾਅਦ ਕੋਈ ਨਵਾਂ ਠੇਕੇਦਾਰ ਨਹੀਂ ਆਵੇਗਾ।
ਇਸ ਤਰ੍ਹਾਂ ਪੁਲੀਸ ਦੇ ਲਿਖਤੀ ਭਰੋਸੇ ਤੋਂ ਬਾਅਦ ਮੁਹਾਲੀ ਵਿੱਚ ਘਰ-ਘਰ ਤੋਂ ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਵੱਲੋਂ ਅੱਜ ਸ਼ੁਰੂ ਕੀਤੀ ਹੜਤਾਲ 2 ਮਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ। ਉਂਜ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਵੇਂ ਠੇਕੇਦਾਰ ਨੂੰ ਕੰਮ ਤੋਂ ਨਾ ਰੋਕਿਆ ਗਿਆ ਤਾਂ 5 ਮਈ ਨੂੰ ਐੱਸਐੱਸਪੀ ਦਫ਼ਤਰ ਦੇ ਬਾਹਰ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇ। ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਲਈ ਪੁਲੀਸ ਜ਼ਿੰਮੇਵਾਰ ਹੋਵੇਗੀ।