
ਸਫ਼ਾਈ ਕਾਮਿਆਂ ਨੇ ਇੱਕ ਦਿਨ ਲਈ ਹੜਤਾਲ ਮੁਲਤਵੀ ਕੀਤੀ, ਮੇਅਰ ਨੇ ਬੁੱਧਵਾਰ ਨੂੰ ਮੀਟਿੰਗ ਸੱਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੱਦੇ ’ਤੇ ਸਫ਼ਾਈ ਕਾਮਿਆਂ ਵੱਲੋਂ ਭਲਕੇ 7 ਦਸੰਬਰ ਤੋਂ ਆਪਣੇ ਹੱਥਾਂ ’ਚੋਂ ਝਾੜੂ ਸੁੱਟ ਕੇ ਅਣਮਿੱਥੇ ਸਮੇਂ ਲਈ ਕੀਤੀ ਜਾਣ ਵਾਲੀ ਹੜਤਾਲ ਫਿਲਹਾਲ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਹੈ। ਫੈਡਰੇਸ਼ਨ ਨੇ ਇਹ ਫ਼ੈਸਲਾ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਰੋਸੇ ਮਗਰੋਂ ਲਿਆ ਗਿਆ ਹੈ। ਮੇਅਰ ਨੇ ਭਲਕੇ ਬੁੱਧਵਾਰ ਨੂੰ ਸਵੇਰੇ 11 ਵਜੇ ਸਫ਼ਾਈ ਕਾਮਿਆਂ ਦੀ ਜਥੇਬੰਦੀ ਦੇ ਮੋਹਰੀ ਆਗੂਆਂ ਦੀ ਅਹਿਮ ਮੀਟਿੰਗ ਸੱਦ ਲਈ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਅਤੇ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਸਫ਼ਾਈ ਕਾਮੇ 7 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਲਈ ਤਿਆਰ ਸਨ ਅਤੇ ਇਸ ਸਬੰਧੀ ਸਫ਼ਾਈ ਕਾਮਿਆਂ ਦੀ ਵੱਡੇ ਪੱਧਰ ’ਤੇ ਲਾਮਬੰਦ ਕੀਤੀ ਗਈ ਸੀ ਪ੍ਰੰਤੂ ਅੱਜ ਮੇਅਰ ਜੀਤੀ ਸਿੱਧੂ ਨੇ ਸਫ਼ਾਈ ਕਾਮਿਆਂ ਨੂੰ ਹੜਤਾਲ ’ਤੇ ਨਾ ਜਾਣ ਦੀ ਅਪੀਲ ਕਰਦਿਆਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਪਵਨ ਗੋਡਯਾਲ ਨੇ ਕਿਹਾ ਕਿ ਜੇਕਰ ਭਲਕੇ ਮੇਅਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ 8 ਦਸੰਬਰ ਤੋਂ ਅਣਮਿੱਥੇ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਹਾਲੀ ਵਿਚਲੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਕਿਸੇ ਕਿਸਮ ਦੇ ਟਕਰਾਅ ਵਿੱਚ ਨਹੀਂ ਪੈਣਾ ਚਾਹੁੰਦੀ ਹੈ ਅਤੇ ਨਾ ਹੀ ਸਫ਼ਾਈ ਦਾ ਕੰਮ ਬੰਦ ਕਰਨ ਦੇ ਹੱਕ ਵਿੱਚ ਹੈ ਪ੍ਰੰਤੂ ਜਦੋਂ ਸੂਬਾ ਸਰਕਾਰ ਅਤੇ ਉੱਚ ਅਧਿਕਾਰੀ ਉਨ੍ਹਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਮੰਨਣ ਲਈ ਰਾਜ਼ੀ ਨਹੀਂ ਹਨ ਤਾਂ ਉਨ੍ਹਾਂ ਨੂੰ ਹੜਤਾਲ ’ਤੇ ਜਾਣ ਲਈ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਪੈਦਾ ਹੋਏ ਹਾਲਤਾਂ ਲਈ ਸਰਕਾਰ ਅਤੇ ਨਗਰ ਨਿਗਮ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ।