
ਜਵਾਨ ਪੁੱਤ ਦੀ ਮੌਤ ਬਾਰੇ ਸੁਣ ਕੇ ਸੰਜੇ ਪੋਪਲੀ ਦੀ ਸਿਹਤ ਵਿਗੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ
ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਆਪਣੇ ਜਵਾਨ ਪੁੱਤ ਦੀ ਮੌਤ ਬਾਰੇ ਸੁਣ ਕੇ ਕਾਫ਼ੀ ਸਦਮੇ ਵਿੱਚ ਹੈ। ਉਸ ਦੀ ਸਿਹਤ ਵਿਗੜੀ ਗਈ ਹੈ। ਉਸ ਨੂੰ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਡਾਕਟਰਾਂ ਨੇ ਆਪਣੀ ਨਿਗਰਾਨੀ ਵਿੱਚ ਰੱਖਿਆ ਹੋਇਆ ਹੈ। ਸੂਤਰਾਂ ਦੀ ਜਾਣਕਾਰੀ ਸੰਜੇ ਪੋਪਲੀ ਮੈਡੀਕਲ ਅਫ਼ਸਰ ਜਾਂ ਕਿਸੇ ਵੀ ਡਾਕਟਰ ਅਤੇ ਸਟਾਫ਼ ਨੂੰ ਚੈੱਕਅਪ ਕਰਨ ਲਈ ਆਪਣੇ ਸਰੀਰ ਨੂੰ ਹੱਥ ਤੱਕ ਨਹੀਂ ਲਗਾਉਣ ਦੇ ਰਹੇ ਹਨ। ਕਹਿਣ ਤੋਂ ਭਾਵ ਉਹ ਆਪਣਾ ਮੈਡੀਕਲ ਕਰਵਾਉਣ ਨੂੰ ਤਿਆਰ ਨਹੀਂ ਹਨ। ਜਿਸ ਕਾਰਨ ਅਜੇ ਤਾਈਂ (ਦੇਰ ਸ਼ਾਮ) ਮੁਲਜ਼ਮ ਅਧਿਕਾਰੀ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ।
ਉਧਰ, ਅਦਾਲਤ ਦੇ ਬਾਹਰ ਮੌਜੂਦ ਵਿਜੀਲੈਂਸ ਦੇ ਡੀਐਸਪੀ ਅਜੈ ਕੁਮਾਰ ਨੇ ਕਿਹਾ ਕਿ ਸਰਕਾਰੀ ਹਸਪਤਾਲ ’ਚੋਂ ਬਾਹਰ ਆਉਣ ਤੋਂ ਬਾਅਦ ਹੀ ਦੇਰ ਸ਼ਾਮ ਸੰਜੇ ਪੋਪਲੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਦੀ ਜਾਂਚ ਟੀਮ, ਸਰਕਾਰੀ ਵਕੀਲ, ਬਚਾਅ ਪੱਖ ਦੇ ਵਕੀਲ ਖ਼ਬਰ ਲਿਖੇ ਜਾਣ ਤੱਕ ਅਦਾਲਤ ਵਿੱਚ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੀਤੀ 21 ਜੂਨ ਨੂੰ ਆਈਏਐਸ ਸੰਜੇ ਪੋਪਲੀ ਅਤੇ ਉਸ ਦੇ ਸਹਾਇਕ ਸਕੱਤਰ ਸੰਦੀਪ ਵਤਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਕਾਰਵਾਈ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਵਾਸੀ ਕਰਨਾਲ (ਹਰਿਆਣਾ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਦੋਵਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਹ ਉਸ ਦਿਨ ਤੋਂ ਹੀ ਵਿਜੀਲੈਂਸ ਕੋਲ ਪੁਲੀਸ ਰਿਮਾਂਡ ’ਤੇ ਹਨ ਅਤੇ ਅੱਜ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਕਿ ਇਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ।
ਵਿਜੀਲੈਂਸ ਅਨੁਸਾਰ ਸੰਜੇ ਪੋਪਲੀ ਅਤੇ ਸੁਪਰਡੈਂਟ ਸੰਦੀਪ ਵਤਸ ’ਤੇ ਸਰਕਾਰੀ ਠੇਕੇਦਾਰ ਕੋਲੋਂ ਸਾਢੇ 3 ਲੱਖ ਰੁਪਏ ਰਿਸ਼ਵਤ ਲੈਣ ਅਤੇ ਹੋਰ ਪੈਸੇ ਮੰਗਣ ਦਾ ਦੋਸ਼ ਹੈ। ਹਾਲਾਂਕਿ ਇਹ ਮਾਮਲਾ ਪਿਛਲੀ ਕਾਂਗਰਸ ਸਰਕਾਰ ਸਮੇਂ ਦਾ ਦੱਸਿਆ ਜਾ ਰਿਹਾ ਹੈ, ਚੰਨੀ ਵਜ਼ਾਰਤ ਸਮੇਂ ਸੰਜੇ ਪੋਪਲੀ ਪੰਜਾਬ ਸੀਵਰੇਜ ਬੋਰਡ ਦੇ ਸੀਈਓ ਸਨ। ਨਵਾਂ ਸ਼ਹਿਰ ਵਿੱਚ 7.30 ਕਰੋੜ ਰੁਪਏ ਦੇ ਨਵੇਂ ਸੀਵਰੇਜ ਪਾਈਪਲਾਈਨ ਪ੍ਰਾਜੈਕਟ ਲਈ ਠੇਕੇਦਾਰ ਨੂੰ ਟੈਂਡਰ ਅਲਾਟ ਕਰਨ ਲਈ ਪਹਿਲਾਂ 7 ਫੀਸਦੀ ਕਮਿਸ਼ਨ ਮੰਗਿਆ ਗਿਆ ਸੀ। ਸ਼ਿਕਾਇਤ ਕਰਤਾ ਅਨੁਸਾਰ ਇਸੇ ਸਾਲ 12 ਜਨਵਰੀ ਨੂੰ ਆਈਏਐਸ ਅਧਿਕਾਰੀ ਦੇ ਸਹਾਇਕ ਸਕੱਤਰ ਨੇ ਵਟਸਅਪ ਉੱਤੇ ਫੋਨ ਕਰਕੇ ਸੀਵਰੇਜ ਪ੍ਰਾਜੈਕਟ ਦੀ ਕੁੱਲ ਰਾਸ਼ੀ ਦਾ 7 ਫੀਸਦੀ ਕਮਿਸ਼ਨ ਦੇ ਹਿਸਾਬ ਨਾਲ 7 ਲੱਖ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ। ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਟੈਂਡਰ ਰੱਦ ਕਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਕਾਰਨ ਸਰਕਾਰੀ ਠੇਕੇਦਾਰ ਨੇ ਡਰਦੇ ਮਾਰੇ ਪੰਜਾਬ ਨੈਸ਼ਨਲ ਬੈਂਕ ਵਿਚਲੇ ਖਾਤੇ ਤੋਂ ਸਾਢੇ ਤਿੰਨ ਲੱਖ ਰੁਪਏ ਕਢਵਾ ਕੇ ਸੈਕਟਰ-20 ਵਿੱਚ ਸਹਾਇਕ ਸਕੱਤਰ ਨੂੰ ਦਿੱਤੇ ਗਏ ਸੀ। ਇਸ ਸਬੰਧੀ ਉਸ (ਸੰਦੀਪ) ਨੇ ਸੰਜੇ ਪੋਪਲੀ ਨੂੰ ਵਸਟਅਪ ਨੰਬਰ ’ਤੇ ਫੋਨ ਕਰਕੇ ਕਮਿਸ਼ਨ ਦੇ ਪੈਸੇ ਮਿਲ ਜਾਣ ਬਾਰੇ ਦੱਸਿਆ ਗਿਆ। ਇਨ੍ਹਾਂ ਪੈਸਿਆਂ ’ਚੋਂ ਉਸ ਨੇ 5 ਹਜ਼ਾਰ ਰੁਪਏ ਆਪਣੇ ਕੋਲ ਰੱਖ ਲਏ।
ਇਸ ਤੋਂ ਬਾਅਦ ਅਧਿਕਾਰੀ ਦੇ ਸਹਾਇਕ ਸਕੱਤਰ ਨੇ ਬਾਕੀ ਦੇ ਸਾਢੇ 3 ਲੱਖ ਰੁਪਏ ਦੇਣ ਲਈ ਦਬਾਅ ਪਾਇਆ ਗਿਆ ਪ੍ਰੰਤੂ ਠੇਕੇਦਾਰ ਨੇ ਹੋਰ ਪੈਸੇ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਇਸ ਸਬੰਧੀ ਹੋਈ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਕਰ ਲਈ। ਬੀਤੀ 3 ਜੂਨ ਨੂੰ ਸਰਕਾਰੀ ਠੇਕੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਜਾਰੀ ਨੰਬਰ ਵਟਸਅਪ ਨੰਬਰ ਅਤੇ ਐਂਟੀ ਕੁਰੱਪਸ਼ਨ ਸੈੱਲ ਨੂੰ ਲਿਖਤੀ ਸ਼ਿਕਾਇਤ ਦੇ ਨਾਲ ਕਮਿਸ਼ਨ ਦੇ ਲੈਣ ਦੇਣ ਸਬੰਧੀ ਕੀਤੀ ਵੀਡੀਓ ਰਿਕਾਰਡਿੰਗ ਵੀ ਭੇਜੀ ਗਈ। ਮੁੱਢਲੀ ਜਾਂਚ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਅਤੇ ਸਹਾਇਕ ਸਕੱਤਰ-ਕਮ-ਸੁਪਰਡੈਂਟ ਸੰਦੀਪ ਵਤਸ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਲੰਘੀ ਰਾਤ ਸੰਜੇ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ-11 ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਦੋਂਕਿ ਸੁਪਰਡੈਂਟ ਸੰਦੀਪ ਵਤਸ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਸੀਐਸ ਤੋਂ ਆਈਏਐਸ ਬਣੇ ਸੰਜੇ ਪੋਪਲੀ ਸ਼ੁਰੂ ਤੋਂ ਚੰਗੇ ਅਹੁਦਿਆਂ ’ਤੇ ਤਾਇਨਾਤੀ ਕਾਰਨ ਕਾਫ਼ੀ ਚਰਚਾ ਵਿੱਚ ਰਿਹਾ ਹੈ।