
ਸੜਕਾਂ ’ਤੇ ਇੱਜ਼ਤਾਂ ਰੋਲਣ ਵਾਲਿਆਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬੀ: ਸੰਜੇ ਸਿੰਘ
ਡੇਰਾਬੱਸੀ ਵਿੱਚ ਆਪ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 1 ਫਰਵਰੀ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਸੰਜੇ ਸਿੰਘ ਨੇ ਹਲਕਾ ਡੇਰਾਬੱਸੀ ਤੋਂ ਆਪ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਲਜੁਲ ਕੇ ਲੁੱਟਣ ਵਾਲੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਐਤਕੀਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਪਣੀਆਂ ਕੁਰਸੀਆਂ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ ਪ੍ਰੰਤੂ ਪੰਜਾਬ ਦੇ ਲੋਕ ਇੰਨ੍ਹਾਂ ਹੱਥਕੰਡਿਆਂ ਨੂੰ ਸਫਲ ਨਹੀਂ ਹੋਣ ਦੇਣਗੇ।
ਆਪ ਆਗੂ ਨੇ ਕਿਹਾ ਕਿ ਬਾਦਲਾਂ ਅਤੇ ਕੈਪਟਨ ਨੇ ਆਪਣੀਆਂ ਸਰਕਾਰਾਂ ਦੌਰਾਨ ਪੰਜਾਬੀਆਂ ਦੀਆਂ ਇੱਜ਼ਤਾਂ ਨੂੰ ਸੜਕਾਂ ’ਤੇ ਰੋਲਿਆ ਹੈ। ਆਪਣੀਆਂ ਇੱਜਤਾਂ ਰੋਲਣ ਵਾਲਿਆਂ ਨੂੰ ਪੰਜਾਬੀ ਕਦੇ ਵੀ ਮੁਆਾਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਸੜਕਾਂ ’ਤੇ ਇੱਕ ਡੂੰਘੀ ਸਾਜ਼ਿਸ਼ ਦੇ ਤਹਿਤ ਰੋਲੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਯਾਦ ਰੱਖਿਓ, ਸੜਕਾਂ ’ਤੇ ਕੱੁਟੀਆਂ ਜਾ ਰਹੀਆਂ ਧੀਆਂ ਨੂੰ ਯਾਦ ਰੱਖਿਓ, ਹੱਕ ਮੰਗਣ ’ਤੇ ਮਿਲੀਆਂ ਡਾਂਗਾਂ ਨੂੰ ਯਾਦ ਰੱਖਿਓ, ਹੰਕਾਰੀ ਆਗੂਆਂ ਵੱਲੋਂ ਦਿਨ ਦਿਹਾੜੇ ਚੁੱਕੀਆਂ ਪੰਜਾਬੀ ਦੀਆਂ ਧੀਆਂ ਨੂੰ ਯਾਦ ਰੱਖਿਓ, ਧੀਆਂ ਦੀ ਇੱਜਤ ਬਚਾਉਣ ਵਾਲਿਆਂ ਨੂੰ ਵੱਜੀਆਂ ਗੋਲੀਆਂ ਯਾਦ ਰੱਖਿਓ ਅਤੇ ਦਰੱਖਤਾਂ ’ਤੇ ਲਟਕਦੀਆਂ ਕਿਸਾਨਾਂ ਦੀਆਂ ਲਾਸ਼ਾਂ ਨੂੰ ਰੱਖਿਓ ਯਾਦ ਆਦਿ ਭਾਵੁਕ ਤਕਰੀਰਾਂ ਨਾਲ ਲੋਕਾਂ ਦੇ ਦਿਲਾਂ ਨੂੰ ਝੰਜੋੜਿਆ ਗਿਆ।
ਸ੍ਰੀ ਸੰਜੇ ਸਿੰਘ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਪੰਜਾਬ ਵਿਚ ਆਪਣੀ ਕੁਰਸੀ ਜਾਂਦੀ ਵੇਖ ਕੇ ਬੌਖਲਾ ਗਏ ਹਨ ਅਤੇ ਇਸੇ ਕਾਰਨ ਇਹ ਲੋਕ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਪੰਜਾਬ ਵਿਰੋਧੀ ਲੋਕਾਂ ਦੀਆਂ ਚਾਲਾਂ ਵਿਚ ਨਾ ਆਉਣ ਅਤੇ ਇੰਨ੍ਹਾਂ ਵਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਪ੍ਰਤੀ ਵੀ ਪੰਜਾਬੀ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਦੀ ਤਰਜ਼ ’ਤੇ ਹਰ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਲੋਕਾਂ ਨੂੰ ਭ੍ਰਿਸ਼ਟਾਚਾਰ ਰਹਿਤ ਸਾਸ਼ਨ ਦਿੱਤਾ ਜਾਵੇਗਾ, ਸਿੱਖਿਆ ਅਤੇ ਸਿਹਤ ਸਹੂਲਤਾਂ ਮੁਫਤ ਕੀਤੀਆਂ ਜਾਣਗੀਆਂ, ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ ਜਾਣਗੀਆਂ, ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਦੀ ਆਰਥਿਕ ਹਾਲਤ ਸੁਧਾਰੀ ਜਾਵੇਗੀ, ਉਦਯੋਗਾਂ ਨੂੰ ਰਾਹਤਾਂ ਦਿੱਤੀਆਂ ਜਾਂਣਗੀਆਂ, 25 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਪੰਜਾਬ ਵਿਚੋਂ ਗੁੰਡਰਾਜ ਖਤਮ ਕੀਤਾ ਜਾਵੇਗਾ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਰਸਤੇ ਖੋਲੇ੍ਹ ਜਾਣਗੇ।