ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ‘ਫੈਂਨਟਾਸੀਆ-2023’ ਯਾਦਗਾਰੀ ਹੋ ਨਿੱਬੜਿਆਂ

ਨਬਜ਼-ਏ-ਪੰਜਾਬ, ਮੁਹਾਲੀ, 9 ਦਸੰਬਰ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿਖੇ ਸਾਲਾਨਾ ਸਮਾਰੋਹ ‘ਫੈਂਨਟਾਸੀਆ-2023’ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਨਰਸਰੀ ਦੇ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਮਾਗਮ ਦਾ ਆਗਾਜ਼ ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਉਪਰੰਤ ਵਿਦਿਆਰਥੀਆਂ ਨੇ ਸਕੂਲ ਸ਼ਬਦ ‘ਦੇਹ ਸ਼ਿਵਾ ਬਰ ਮੋਹਿ ਇਹੈ’ ਅਤੇ ਤੀਜੀ ਜਮਾਤ ਦੇ ਬੱਚਿਆਂ ਨੇ ‘ਗਣੇਸ਼ ਵੰਦਨਾ’ ਪੇਸ਼ ਕਰਕੇ ਪ੍ਰੋਗਰਾਮ ਨੂੰ ਅੱਗੇ ਤੋਰਿਆ।
ਸੀਬੀਐਸਈ ਦੇ ਖੇਤਰੀ ਅਫ਼ਸਰ ਡਾ. ਸ਼ਵੇਤਾ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੁਵਾ ਪੀੜ੍ਹੀ ਦੇਸ਼ ਦਾ ਭਵਿੱਖ ਹੈ। ਇਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜਿਕ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਇਆ ਜਾਣਾ ਵੀ ਜ਼ਰੂਰੀ ਹੈ। ਨਰਸਰੀ ਦੇ ਬੱਚਿਆਂ ਨੇ ‘ਬਲੀਵਰ’ ਤੇ ਫ਼ਨ ਇਨ ਜੇਲ੍ਹ’ ਗਾਣਿਆਂ ’ਤੇ ਕੈਦੀਆਂ ਵਾਲੀ ਪੁਸ਼ਾਕ ਪਹਿਨ ਕੇ ਖ਼ੂਬਸੂਰਤ ਡਾਂਸ ਪੇਸ਼ ਕੀਤਾ। ਐੱਲਕੇਜੀ ਅਤੇ ਯੂਕੇਜੀ ਦੇ ਬੱਚਿਆਂ ਨੇ ‘ਲਵ ਫਾਰ ਪੇਰੈਂਟਸ’ ਅਤੇ ‘ਬੈਕ ਟੂ ਨਾਰਮਲ’ ਪੰਜਾਬੀ ਡਾਂਸ ਰਾਹੀਂ ਕਰੋਨਾ ਤੋਂ ਬਾਅਦ ਹੌਲੀ-ਹੌਲੀ ਆਪਣੀ ਆਮ ਜ਼ਿੰਦਗੀ ਵਿੱਚ ਪ੍ਰਵੇਸ਼ ਕਰਨ ਬਾਰੇ ਦੱਸਿਆ। ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਸਰਕਸ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ।
ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੇਰਵਾ ਦਿੱਤਾ। ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਤਾਜ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਡਾ. ਸ਼ਵੇਤਾ ਗੁਪਤਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ‘ਫਿਊਜ਼ਨ ਡਾਂਸ’ ‘ਪਿੱਲਰਜ਼ ਆਫ਼ ਲਾਈਟ’ ‘ਕਠਪੁਤਲੀਆਂ ਦਾ ਤਮਾਸ਼ਾ’ ਅਤੇ ‘ਮੋਬਾਈਲ ਫੋਨ ਸਭ ਖਾ ਜਾਤਾ ਹੈ’ ਡਾਂਸ ਰਾਹੀਂ ਮੋਬਾਈਲ ਫੋਨ ਦੇ ਬੁਰੇ ਪ੍ਰਭਾਵਾਂ ਕਾਰਨ ਨੈਤਿਕ ਕਦਰਾਂ-ਕੀਮਤਾਂ ਤੇ ਸਭਿਅਤਾ ਦੇ ਨਸ਼ਟ ਹੋਣ ਬਾਰੇ ਦਰਸਾਇਆ ਗਿਆ।
ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ‘ਹਿਪ-ਹੋਪ ਡਾਂਸ’ ਅਤੇ ‘ਸ਼ੇਕ ਏ ਲੈਗ ਓਡਾਂਸਿੰਗ ਸਟਾਰਸ’ (ਪੰਜਾਬੀ ਵਿਰਸਾ) ‘ਲਾਈਟ ਨਾਈਟ ਸ਼ੋਅ’ ਡਾਂਸ ਪੇਸ਼ ਕਰ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ‘ਟਰਾਂਸਜੇਂਡਰ’ ਡਾਂਸ ਦੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਲੋਕਾਂ ਨੂੰ ਵੀ ਸਮਾਜ ਵਿੱਚ ਆਪਣੀ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ। ਇਨ੍ਹਾਂ ਨੂੰ ਵੀ ਆਮ ਵਿਅਕਤੀ ਵਾਂਗ ਸਨਮਾਨ ਦੇਣਾ ਚਾਹੀਦਾ ਹੈ। ਅੰਤ ਵਿੱਚ ਸੀਨੀਅਰ ਸੈਕੰਡਰੀ ਜਮਾਤ ਦੇ ਵਿਦਿਆਰਥੀਆਂ ਨੇ ‘ਫਿਨਾਲੇ ਡਾਂਸ’ ਦਾ ਪ੍ਰਦਰਸ਼ਨ ਜੋਸ਼ੀਲੇ ਤੇ ਰੋਮਾਂਚਿਤ ਢੰਗ ਨਾਲ ਪੇਸ਼ ਕਰਕੇ ਦਰਸ਼ਕ ਝੂਮਣ ਲਾ ਦਿੱਤਾ। ਰਾਸ਼ਟਰੀ ਗੀਤ ਨਾਲ ਸਮਾਗਮ ਸੰਪੂਰਨ ਕੀਤਾ।

ਇਸ ਦੌਰਾਨ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ‘ਬਾਲ ਦਿਵਸ’ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨਾਲ ਸਬੰਧਤ ਭਾਸ਼ਣ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਵਿਦਿਆਰਥੀਆਂ ਨੇ ਇਕ ਲਘੁ ਨਾਟਕ ਪੇਸ਼ ਕੀਤਾ। ਜਿਸ ਵਿੱਚ ਵਿਦਿਆਰਥੀ ਜੀਵਨ ਨਾਲ ਸਬੰਧਤ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਬੱਚਿਆਂ ਨੇ ਨਾਟਕੀ ਅੰਦਾਜ਼ ਨਾਲ ਪੇਸ਼ ਕੀਤਾ। ਇਸ ਮੌਕੇ ਬੱਚਿਆਂ ਨੇ ਪ੍ਰਣ ਲਿਆ ਕਿ ਉਹ ਆਪਣੇ ਫਰਜ਼ਾਂ ਦਾ ਪਾਲਣ ਕਰਦੇ ਹੋਏ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੂੰ ਵੀ ‘ਬਾਲ ਦਿਵਸ’ ’ਤੇ ਮਨੋਰੰਜਨ ਲਈ ਕਠਪੁਤਲੀ ਦਾ ਸ਼ੋਅ ਦਿਖਾਇਆ ਗਿਆ। ਜਿਸ ਵਿੱਚ ਚੰਗੀਆਂ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਬੱਚਿਆਂ ਨੇ ਬੜਾ ਅਨੰਦ ਮਾਣਿਆ। ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ‘ਬਾਲ ਦਿਵਸ’ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਅਸ਼ੀਰਵਾਦ ਦਿੱਤਾ ਅਤੇ ਬੱਚਿਆਂ ਨੂੰ ਮਿਠਾਈ ਵੰਡੀ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…