
ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨਗੇ ਸੰਤ ਮਹਾਂਪੁਰਸ਼
ਕੌਮੀ ਇਨਸਾਫ਼ ਮੋਰਚੇ ਵੱਲੋਂ ਸੰਗਤ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਉਣ ਦੀ ਅਪੀਲ
ਨਬਜ਼-ਏ-ਪੰਜਾਬ, ਮੁਹਾਲੀ, 11 ਅਗਸਤ:
ਬੰਦੀ ਸਿੰਘਾਂ ਦੀ ਰਿਹਾਈ, 328 ਲਾਪਤਾ ਸਰੂਪਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਲਈ ਜ਼ਿੰਮੇਵਾਰ ਪੁਲੀਸ ਅਤੇ ਸਿਆਸੀ ਆਗੂਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਬੈਨਰ ਹੇਠ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੱਕਾ ਮੋਰਚਾ ਜਾਰੀ ਹੈ। ਸਿੱਖ ਆਗੂ ਅਤੇ ਇਨਸਾਫ਼ ਪਸੰਦ ਲੋਕ ਬੀਤੀ 7 ਜਨਵਰੀ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ।
ਅੱਜ ਇੱਥੇ ਬਾਪੂ ਗੁਰਚਰਨ ਸਿੰਘ ਹਵਾਰਾ, ਪਾਲ ਸਿੰਘ ਫਰਾਂਸ, ਐਡਵੋਕੇਟ ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਜੰਡਿਆਲਾ, ਗੁਰਸ਼ਰਨ ਸਿੰਘ ਧਾਲੀਵਾਲ ਅਤੇ ਪਾਈ ਜਸਵਿੰਦਰ ਸਿੰਘ ਰਾਜਪੁਰਾ ਸਮੇਤ ਹੋਰਨਾਂ ਆਗੂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਾਰ-ਵਾਰ ਵਾਅਦੇ ਕਰਕੇ ਭੱਜ ਰਹੀਆਂ ਹਨ। ਜਿਸ ਕਾਰਨ ਰੋਸ ਵਜੋਂ 13 ਅਗਸਤ ਨੂੰ ਸੰਤ ਮਹਾਂਪੁਰਸ਼ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਚਾਲੇ ਪਾਉਣਗੇ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਕਰਕੇ ਰੱਖੇ ਹੋਏ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਲਈ ਹੁਕਮਰਾਨਾਂ ’ਤੇ ਦਬਾਅ ਬਣਾਇਆ ਜਾ ਸਕੇ।
ਆਗੂਆਂ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਇਆ ਜਾਵੇ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇ। ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਬੀਤੀ ਕੱਲ੍ਹ 10 ਅਗਸਤ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ ਸੀ। ਅਦਾਲਤ ਵੱਲੋਂ ਜਥੇਦਾਰ ਹਵਾਰਾ ਨੂੰ ਪੇਸ਼ ਕਰਨ ਦੇ ਸਖ਼ਤ ਹੁਕਮ ਵੀ ਦਿੱਤੇ ਗਏ ਸੀ ਪ੍ਰੰਤੂ ਇਸ ਦੇ ਬਾਵਜੁਦ ਹੁਕਮਰਾਨਾਂ ਨੇ ਆਜ਼ਾਦੀ ਦਿਹਾੜੇ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਬਹਾਨਾ ਘੜ ਕੇ ਸਿੱਖ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ।