
ਸੰਤ ਨਿਰੰਕਾਰੀ ਮਿਸ਼ਨ ਨੇ ‘ਖੂਨਦਾਨ ਕੈਂਪ’ ਲਾਇਆ, 299 ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਅਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿਭਾਗ) ਵੱਲੋਂ ਐਤਵਾਰ ਨੂੰ ਇੱਥੋਂ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਫੇਜ਼-6 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁਹਾਲੀ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਰਿੰਦਰ ਕੁਮਾਰ ਜੈਨ ਨੇ ਕੀਤਾ। ਉਨ੍ਹਾਂ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਮਾਨਵਤਾ ਦੀ ਭਲਾਈ ਲਈ ਸੰਤ ਨਿਰੰਕਾਰੀ ਮਿਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਸਾਡੇ ਵੱਲੋਂ ਦਾਨ ਵਿੱਚ ਦਿੱਤੀ ਖੂਨ ਦੀ ਇੱਕ ਬੂੰਦ ਨਾਲ ਕਿਸੇ ਲੋੜਵੰਦ ਰੋਗੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਕੈਂਪ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ 299 ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਖੂਨਦਾਨ ਕੀਤਾ। ਸੰਯੋਜਕ ਡਾ. ਜੇ.ਕੇ. ਚੀਮਾ ਨੇ ਸਮੂਹ ਖੂਨਦਾਨੀਆਂ, ਮੈਡੀਕਲ ਟੀਮ ਦਾ ਧੰਨਵਾਦ ਕੀਤਾ।

ਉਨ੍ਹਾਂ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪਿਛਲੇ 36 ਸਾਲਾਂ ਤੋਂ ਲਗਾਤਾਰ ਖੂਨਦਾਨ ਪ੍ਰਤੀ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ। ਹੁਣ ਤੱਕ 7317 ਖੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਲਗਪਗ 12 ਲੱਖ 10 ਹਜ਼ਾਰ 440 ਯੂਨਿਟ ਖੂਨ ਇਕੱਤਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਕੈਂਪ ਜਾਰੀ ਰਹਿਣਗੇ।