nabaz-e-punjab.com

ਸੰਤ ਸਮਾਜ ਨੇ ਪੰਜਾਬ ਵਿਧਾਨ ਸਭਾ ਵਿੱਚ ਸਿੱਖ ਸਿਧਾਂਤਾਂ ਦੇ ਉਲਟ ਮਤਾ ਪਾਸ ਕਰਨ ਲਈ ਸਰਕਾਰ ਨੂੰ ਘੇਰਿਆ

ਜੇਕਰ ਸਰਕਾਰ ਨੂੰ ਅੌਰਤਾਂ ਦੀ ਏਨੀ ਫ਼ਿਕਰ ਹੈ ਤਾਂ ਪੁਰੀ ਪੰਜਾਬ ਕੈਬਨਿਟ ਬੀਬੀਆਂ ਦੀ ਬਣਾਈ ਜਾਵੇ: ਸੰਤ ਸਮਾਜ

ਸਾਰੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਅਤੇ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਅਹੁਦੇ ਅੌਰਤਾਂ ਨੂੰ ਦਿੱਤੇ ਜਾਣ

ਅੌਰਤਾਂ ਨੂੰ ਦਰਬਾਰ ਸਾਹਿਬ ’ਚ ਕੀਰਤਨ ਦੀ ਆਗਿਆ ਦੇਣ ਦਾ ਮਤਾ ਪਾਸ ਕਰਨ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਸਿੱਖ ਸੰਪਰਦਾਵਾਂ ਅਤੇ ਸੰਤ ਸਮਾਜ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਅੌਰਤਾਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣ ਦੇ ਮਾਮਲੇ ਨੂੰ ਗੰਭੀਰਤਾ ਲੈਂਦਿਆਂ ਕਿਹਾ ਕਿ ਹੁਕਮਰਾਨਾਂ ਦੀ ਇਸ ਕਾਰਵਾਈ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਦੇਰ ਸ਼ਾਮ ਸੰਤ ਸਮਾਜ ਦੇ ਪ੍ਰਮੁੱਖ ਆਗੂ ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਸੰਤ ਬਾਬਾ ਲਖਵਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲੇ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਿਹੜੀਆਂ ਪਰੰਪਰਾਵਾਂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਚਲੀਆਂ ਜਾ ਰਹੀਆਂ ਹਨ, ਉਨ੍ਹਾਂ ਬਾਬਤ ਕੀਤੀ ਗਈ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਹ ਬਜਰ ਗਲਤ ਸਾਧਾਰਨ ਮੁਆਫ਼ੀ ਦੇ ਯੋਗ ਨਹੀਂ ਹੈ। ਇਸ ਸਰਕਾਰੀ ਮਤੇ ਖ਼ਿਲਾਫ਼ ਸਿੱਖ ਸੰਪਰਦਾਵਾਂ ਅਤੇ ਸੰਤ ਸਮਾਜ, ਟਕਸਾਲਾਂ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸੰਤ ਸਮਾਜ ਨੇ ਜ਼ੋਰ ਦੇ ਕੇ ਆਖਿਆ ਕਿ ਸਿੱਖ ਸਿਧਾਂਤਾਂ ਦੀ ਮਾਣ ਮਰਿਆਦਾ ਨੂੰ ਢਾਹ ਲਗਾਉਣ ਲਈ ਕਾਂਗਰਸ ਸਰਕਾਰ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੂੰ ਬੀਬੀਆਂ ਦੀ ਏਨੀ ਹੀ ਫ਼ਿਕਰ ਅਤੇ ਚਿੰਤਾ ਹੈ ਤਾਂ ਪੰਜਾਬ ਕੈਬਨਿਟ ਵਿੱਚ ਸਾਰੇ ਮੰਤਰੀ ਅੌਰਤਾਂ ਹੋਣ ਅਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ, ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਦੇ ਅਹੁਦੇ ਵੀ ਬੀਬੀਆਂ ਨੂੰ ਸੌਂਪੇ ਜਾਣ ਤਾਂ ਜੋ ਕਾਂਗਰਸ ਸਰਕਾਰ ਦਾ ਬੀਬੀਆਂ ਪ੍ਰਤੀ ਅਸਲ ਚਿਹਰਾ ਸਾਹਮਣੇ ਆ ਸਕੇ। ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਅਜਿਹਾ ਕਰਨ ਨਾਲ ਗੁਰੂ ਸਾਹਿਬ ਦੇ ਉਪਦੇਸ਼ ਵੀ ਲਾਗੂ ਹੋ ਜਾਣਗੇ।
ਪੰਜਾਬ ਵਿਧਾਨ ਸਭਾ ਵਿੱਚ ਬੀਬੀਆਂ ਸਬੰਧੀ ਪਾਸ ਕੀਤੇ ਮਤੇ ਦੀ ਆਲੋਚਨਾ ਕਰਦਿਆਂ ਸੰਤ ਸਮਾਜ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਤੌਰ ’ਤੇ ਵਰਜਦਿਆਂ ਕਿਹਾ ਕਿ ਸਿੱਖ ਪੰਥ ਦੇ ਅੰਦਰੂਨੀ ਪਰੰਪਰਾ ਮਾਮਲਿਆਂ ਵਿੱਚ ਦਖ਼ਲ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਰਾਜਨੀਤਕ, ਸਮਾਜਿਕ ਇੱਥੋਂ ਤੱਕ ਧਾਰਮਿਕ ਸੰਸਥਾ ਪੁਰਾਤਨ ਗੁਰੂ ਕਾਲ ਤੋਂ ਚਲੀ ਆ ਰਹੀ ਮਰਿਆਦਾ ਨੂੰ ਨਹੀਂ ਬਦਲ ਸਕਦੀ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਮਤਾ ਪਾਇਆ ਗਿਆ। ਉਸ ਸਮੇਂ ਹਾਊਸ ਵਿੱਚ ਅੰਮ੍ਰਿਤਧਾਰੀ ਵਿਧਾਇਕ ਮੂਕ ਦਰਸ਼ਕ ਬਣ ਕੇ ਬੈਠੇ ਰਹੇ। ਜਦੋਂਕਿ ਉਨ੍ਹਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਤੇ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਸੀ।
(ਬਾਕਸ ਆਈਟਮ)
ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਇਕ ਪਾਸੇ ਦੁਨੀਆ ਭਰ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਬੰਧੀ ਬਰਗਾੜੀ ਕਾਂਡ ਲਈ ਜ਼ਿੰਮੇਵਾਰ ਵਿਅਕਤੀ ਸਾਹਮਣੇ ਨਹੀਂ ਲਿਆਂਦੇ ਜਾ ਰਹੇ ਹਨ ਅਤੇ ਨਾ ਹੀ ਹੁਣ ਤੱਕ ਬੇਦੋਸ਼ੇ ਲੋਕਾਂ ’ਤੇ ਗੋਲੀ ਚਲਾਉਣ ਵਾਲੇ ਪੁਲੀਸ ਅਫ਼ਸਰਾਂ ਵਿਰੁੱਧ ਕੋਈ ਠੋਸ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਬੀਬੀਆਂ ਨੂੰ ਕੀਰਤਨ ਦੀ ਆਗਿਆ ਦੇਣ ਵਾਲਾ ਨਵਾਂ ਵਿਵਾਦਿਤ ਮਤਾ ਪਾਸ ਕਰਕੇ ਸਿੱਖ ਸਿਧਾਂਤਾਂ ਅਤੇ ਮਾਣ ਮਰਿਆਦਾ ਨੂੰ ਢਾਹ ਲਗਾਈ ਗਈ ਹੈ।

Load More Related Articles
Load More By Nabaz-e-Punjab
Load More In Vidhan Sabha/Rajya Sabha

Check Also

ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ: ਕੁਲਵੰਤ ਸਿੰਘ

ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ: ਕੁਲਵੰਤ ਸਿੰਘ ਸ੍ਰੀ ਗੁਰੂ ਰਵ…