Nabaz-e-punjab.com

ਸਰਬੱਤ ਸਿਹਤ ਬੀਮਾ ਯੋਜਨਾ: ਮੁਹਾਲੀ ਵਿੱਚ ਪਹਿਲੇ ਤਿੰਨ ਮਰੀਜ਼ਾਂ ਦੇ ਪਿੱਤੇ ਦਾ ਮੁਫ਼ਤ ਅਪਰੇਸ਼ਨ

ਜ਼ਿਲ੍ਹਾ ਮੁਹਾਲੀ ਵਿੱਚ ਵਕਾਰੀ ਸਿਹਤ ਯੋਜਨਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ: ਸਿਵਲ ਸਰਜਨ ਡਾ. ਮਨਜੀਤ ਸਿੰਘ

ਮੁਫ਼ਤ ਇਲਾਜ ਲਈ ਸਮੂਹ ਸਰਕਾਰੀ ਹਸਪਤਾਲਾਂ ਸਮੇਤ 10 ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੀ ਸਰਬੱਤ ਸਿਹਤ ਬੀਮਾ ਯੋਜਨਾ (ਮੁਫ਼ਤ ਇਲਾਜ) ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਖ-ਵੱਖ ਵਰਗਾਂ ਦੇ ਲੋਕ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਆਪਣੀ ਯੋਗਤਾ ਬਾਰੇ ਜਾਣਕਾਰੀ ਲੈ ਰਹੇ ਹਨ ਅਤੇ ਯੋਗ ਵਿਅਕਤੀਆਂ ਨੂੰ ਈ-ਕਾਰਡ ਜਾਰੀ ਕੀਤੇ ਜਾ ਰਹੇ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਜ਼ਿਲ੍ਹਾ ਮੁਹਾਲੀ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਹੁਣ ਤੱਕ ਵੱਖ ਵੱਖ ਹਸਪਤਾਲਾਂ ਵਿੱਚ ਛੇ ਮਰੀਜ਼ ਦਾਖ਼ਲ ਹੋਏ ਹਨ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਦਾ ਸਫਲ ਅਪਰੇਸ਼ਨ ਹੋ ਚੁੱਕਾ ਹੈ। ਇਨ੍ਹਾਂ ’ਚੋਂ ਇਕ ਮਰੀਜ਼ ਗਰੇਸੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਸੈਕਟਰ-69 ਅਤੇ 5 ਮਰੀਜ਼ ਸਰਕਾਰੀ ਹਸਪਤਾਲ ਡੇਰਾਬੱਸੀ ਵਿੱਚ ਦਾਖ਼ਲ ਹੋਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸੁਰਜੀਤ ਕੌਰ (65), ਗਿਆਨ ਕੌਰ (50) ਅਤੇ ਪਰਮਜੀਤ ਕੌਰ (23) ਦੇ ਪਿੱਤੇ ਦਾ ਮੁਫ਼ਤ ਅਪਰੇਸ਼ਨ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਮਰੀਜ਼ ਤੋਂ ਪਰਚੀ ਬਣਾਉਣ ਦੇ 10 ਰੁਪਏ ਲਏ ਜਾਂਦੇ ਸਨ ਪ੍ਰੰਤੂ ਹੁਣ ਕਿਸੇ ਮਰੀਜ਼ ਕੋਈ ਇਕ ਧੇਲਾ ਵੀ ਨਹੀਂ ਲਿਆ ਜਾਵੇਗਾ।
ਸਿਵਲ ਸਰਜਨ ਨੇ ਅੱਜ ਖ਼ੁਦ ਡੇਰਾਬੱਸੀ ਦੇ ਹਸਪਤਾਲ ਵਿਚ ਜਾ ਕੇ ਅਪਰੇਸ਼ਨ ਕਰਾਉਣ ਵਾਲੇ ਮਰੀਜ਼ਾਂ ਦਾ ਹਾਲ ਜਾਣਿਆ। ਉਨ੍ਹਾਂ ਦੱਸਿਆ ਕਿ ਨਵੀਂ ਯੋਜਨਾ ਤਹਿਤ ਇਕ ਪਰਿਵਾਰ ਸਾਲ ਵਿੱਚ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦਾ ਹੈ। ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ 1,16,760 ਪਰਿਵਾਰਾਂ ਦਾ ਸਿਹਤ ਬੀਮਾ ਕੀਤਾ ਜਾਵੇਗਾ। ਇਸ ਸਬੰਧੀ ਲਾਭਪਾਤਰੀਆਂ ਨੂੰ ਈ-ਕਾਰਡ ਬਣਾ ਕੇ ਦੇਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਵੱਖ-ਵੱਖ ਨਿੱਜੀ ਹਸਪਤਾਲਾਂ ਵੱਲੋਂ ਬਿਨੈਕਾਰਾਂ ਦੀਆਂ ਅਰਜ਼ੀਆਂ ਨੂੰ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਲਾਭਪਾਤਰੀ ਆਪਣਾ ਨਾਮ ਸੂਚੀ ਵਿੱਚ ਜਾਂਚਣ ਅਤੇ ਈ-ਕਾਰਡ ਬਣਾਉਣ ਲਈ ਸਰਕਾਰੀ ਹਸਪਤਾਲਾਂ ਵਿੱਚ ਬਣਾਏ ਗਏ ਮਦਦ ਕੇਂਦਰ ਜਾਂ ਨਜ਼ਦੀਕੀ ਕੌਮਨ ਸਰਵਿਸ ਸੈਂਟਰ ਵਿੱਚ ਜਾ ਸਕਦਾ ਹੈ। ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਲਾਭਪਾਤਰੀ ਆਪਣੀ ਯੋਗਤਾ ਮੁਤਾਬਕ ਆਧਾਰ ਕਾਰਡ, ਰਾਸ਼ਨ ਕਾਰਡ, ਪੈਨ ਕਾਰਡ ਆਦਿ ਜ਼ਰੂਰੀ ਦਸਤਾਵੇਜ਼ ਜ਼ਰੂਰ ਲੈ ਕੇ ਜਾਣ। ਇਸ ਮੌਕੇ ਐਸਐਮਓ ਡਾ. ਸੰਗੀਤਾ ਜੈਨ, ਅਪਰੇਸ਼ਨ ਕਰਨ ਵਾਲੇ ਡਾ. ਐਚ.ਐਸ. ਚੀਮਾ, ਸਿਹਤ ਇੰਸਪੈਕਟਰ ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਵੀ ਮੌਜੂਦ ਸਨ।
(ਬਾਕਸ ਆਈਟਮ)
ਸਿਵਲ ਸਰਜਨ ਨੇ ਦੱਸਿਆ ਕਿ ਫਿਲਹਾਲ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6, ਸਮੂਹ ਸਬ-ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਸਮੇਤ ਸੂਚੀਬੱਧ 10 ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਇੰਡਸ ਹਸਪਤਾਲ, ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ, ਇੰਡਸ ਇੰਟਰ ਨੈਸ਼ਨਲ ਹਸਪਤਾਲ ਡੇਰਾਬੱਸੀ, ਵੀ ਕੇਅਰ ਹਸਪਤਾਲ ਜ਼ੀਰਕਪੁਰ, ਮਨਜੀਤ ਆਈ ਹਸਪਤਾਲ ਖਰੜ, ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਸੈਕਟਰ-69, ਬਹਿਗਲ ਇੰਸਟੀਚਿਊਟ ਆਫ਼ ਆਈਟੀ ਐਂਡ ਰੇਡੀਏਸ਼ਨ ਟੈਕਨਾਲੋਜੀ ਐਂਡ ਬਹਿਗਲ ਹਸਪਤਾਲ ਕੁਰਾਲੀ, ਐਮਕੇਅਰ ਹਸਪਤਾਲ ਵੀਆਈਪੀ ਰੋਡ ਜ਼ੀਰਕਪੁਰ, ਸ੍ਰੀ ਸੁਖਮਨੀ ਮਲਟੀ ਸਪੈਸ਼ਲਿਟੀ ਹਸਪਤਾਲ ਡੇਰਾਬੱਸੀ ਅਤੇ ਚੌਧਰੀ ਹਸਪਤਾਲ ਕੁਰਾਲੀ ਇਸ ਸੂਚੀ ਵਿੱਚ ਸ਼ਾਮਲ ਹਨ।
ਲੋਕ ਸਰਕਾਰੀ ਵੈੱਬਸਾਈਟ www.shapunjab.in ’ਤੇ ਆਪਣੀ ਪਾਤਰਤਾ (ਯੋਗਤਾ) ਚੈੱਕ ਕਰ ਸਕਦੇ ਹਨ। 104 ਹੈਲਪਲਾਈਨ ਲੋਕਾਂ ਨੂੰ 24 ਘੰਟੇ ਸਰਬੱਤ ਸਿਹਤ ਬੀਮਾ ਯੋਜਨਾ ਬਾਬਤ ਪੂਰੀ ਜਾਣਕਾਰੀ ਪ੍ਰਦਾਨ ਕਰਵਾ ਰਹੀ ਹੈ। ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੂਰਤ ਵਿੱਚ ਹੀ ਇਸ ਯੋਜਨਾ ਦਾ ਲਾਭ ਮਿਲ ਸਕੇਗਾ। ਲਾਭਪਾਤਰੀਆਂ ਵਿੱਚ ਛੋਟੇ ਵਪਾਰੀ, ਕਿਸਾਨ ਪਰਿਵਾਰ ਜਿਨ੍ਹਾਂ ਕੋਲ ਜੇ-ਫਾਰਮ ਹੈ, ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰ, ਐਸਈਸੀਸੀ ਡਾਟਾ ਵਿੱਚ ਸ਼ਾਮਲ ਪਰਿਵਾਰ, ਕਿਰਤ ਵਿਭਾਗ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਸ਼ਾਮਲ ਹਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …