
ਸਰਬੱਤ ਖਾਲਸਾ: ਸਿਮਰਨਜੀਤ ਸਿੰਘ ਮਾਨ ਤੇ ਸਾਥੀ ਧਰਮ ਦੀ ਆੜ ਵਿੱਚ ਸਿਆਸੀ ਰੋਟੀਆਂ ਸੇਕਣ ਤੱਕ ਸੀਮਤ: ਪ੍ਰੋ. ਬਡੂੰਗਰ
ਗੁਰਦੁਆਰਾ ਅੰਬ ਸਾਹਿਬ ਵਿੱਚ ਬੀਬੀ ਲਾਂਡਰਾਂ ਦੀ ਅਗਵਾਈ ਵਿੱਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਵਿਸ਼ੇਸ਼ ਸਨਮਾਨ
ਅਮਨਦੀਪ ਸਿੰਘ ਸੋਢਂੀ
ਮੁਹਾਲੀ, 7 ਦਸੰਬਰ
ਇੱਥੋਂ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਚੰਡੀਗੜ੍ਹ ਤੋਂ ਐਸਜੀਪੀਸੀ ਦੀ ਮੈਂਬਰ ਹਰਜਿੰਦਰ ਕੌਰ ਅਤੇ ਇਸਤਰੀ ਸਤਿਸੰਗ ਦੀਆਂ ਬੀਬੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਸਨਮਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ. ਬਡੂੰਗਰ ਨੇ ਤਲਵੰਡੀ ਸਾਬੋ ਵਿੱਚ ਸੱਦੇ ਗਏ ਸਰਬੱਤ ਖਾਲਸਾ ਸਮਾਗਮ ’ਤੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿੱਖ ਸੰਗਤ ਜਾਂ ਸਿੱਖਾਂ ਦੀ ਨੁਮਾਇੰਦਾ ਜਮਾਤਾਂ ਦਾ ਸਮਾਗਮ ਨਹੀਂ ਹੈ ਸਗੋਂ ਮਾਨ ਦਲੀਆਂ ਦਾ ਇੱਕ ਰਾਜਨੀਤਕ ਇਕੱਠ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਅਕਾਲੀ ਦਲ ਅੰਮਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਾਥੀ ਧਰਮ ਦੀ ਆੜ ਵਿੱਚ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਤ ਹਨ। ਉਨ੍ਹਾਂ ਦਾ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਂਜ ਸਰਬੱਤ ਖਾਲਸਾ ਦੇ ਆਯੋਜਕਾਂ ਨੂੰ ਪੰਜਾਬ ਤੇ ਕੌਮ ਦੀ ਭਲਾਈ ਦੀ ਦੁਹਾਈ ਦਿੰਦਿਆਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਅਪੀਲ ਕੀਤੀ।
ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਟੋਪੀ ਪਾ ਕੇ ਆਉਣ ਬਾਰੇ ਪੁੱਛੇ ’ਤੇ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਟੀਮ ਵੱਲੋਂ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਟੋਪੀ ਪਾ ਕੇ ਦਰਬਾਰ ਸਾਹਿਬ ਦੇ ਅੰਦਰ ਆਏ ਸੀ ਤਾਂ ਤੱਦ ਹੀ ਸਿੰਘ ਸਾਹਿਬ ਨੂੰ ਰੋਕਣਾ ਚਾਹੀਦਾ ਸੀ।
ਇਸ ਮੌਕੇ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ, ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਯੂਥ ਵਿੰਗ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਟੌਹੜਾ, ਸਤਵੀਰ ਸਿੰਘ ਧਨੋਆ, ਇਸਤਰੀ ਅਕਾਲੀ ਦਲ ਦੀ ਸਕੱਤਰ ਜਨਰਲ ਸਤਵੰਤ ਕੌਰ ਜੌਹਲ, ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨ ਬਲਜਿੰਦਰ ਕੌਰ ਸੈਦਪੁਰ ਅਤੇ ਹੋਰ ਸੀਨੀਅਰ ਅਕਾਲੀ ਆਗੂ, ਅਕਾਲੀ ਕੌਂਸਲਰ ਤੇ ਇਸਤਰੀ ਸਤਿਸੰਗ ਦੀਆਂ ਬੀਬੀਆਂ ਮੌਜੂਦ ਸਨ।