Nabaz-e-punjab.com

ਪੰਜਾਬ ਵਿੱਚ 1 ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ ‘ਸਰਬੱਤ ਸਿਹਤ ਬੀਮਾ ਯੋਜਨਾ’: ਸਿੱਧੂ

43.18 ਲੱਖ ਲਾਭਪਾਤਰੀਆਂ ਨੂੰ ਸਾਲਾਨਾ 5 ਲੱਖ ਰੁਪਏ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਦਿੱਤਾ ਜਾਵੇਗਾ ਸਿਹਤ ਕਵਰ

ਪੰਜਾਬ ਦੇ 400 ਨਿੱਜੀ ਹਸਪਤਾਲਾਂ ਨੇ ਸੂਚੀਬੱਧ ਹੋਣ ਲਈ ਕੀਤਾ ਅਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਪੰਜਾਬ ਵਿੱਚ 1 ਜੁਲਾਈ ਤੋਂ ‘ਸਰਬੱਤ ਸਿਹਤ ਬੀਮਾ ਯੋਜਨਾ’ ਸ਼ੁਰੂ ਕੀਤੀ ਜਾਵੇਗੀ। ਜਿਸ ਤਹਿਤ ਰਾਜ ਦੇ 43.18 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਸਾਲਾਨਾ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਯੋਜਨਾ ਲਾਗੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਬਣਾਈ ਗਈ ਇਹ ਆਪਣੀ ਕਿਸਮ ਦੀ ਪਹਿਲੀ ਸਿਹਤ ਸਕੀਮ ਹੈ ਜੋ ਸੂਬੇ ਦੇ ਲੋਕਾਂ ਲਈ ਮੀਲ ਪੱਥਰ ਸਾਬਤ ਹੋਵੇਗੀ।
ਸਿਹਤ ਬੀਮਾ ਯੋਜਨਾ ਲਈ ਮੁੱਖ ਮੰਤਰੀ ਵੱਲੋਂ ਗਠਿਤ ਕੀਤੇ ਗਏ ਸਲਾਹਕਾਰ ਗਰੁੱਪਾਂ ਨਾਲ ਪਲੇਠੀ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਦੂਜੇ ਅਤੇ ਸਰਜਰੀ ਤੇ ਵੱਡੇ ਅਪਰੇਸ਼ਨ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਮਿਊਨਿਟੀ ਸਿਹਤ ਕੇਂਦਰ ਪੱਧਰ ਤੋਂ ਉੱਪਰ ਦੇ ਸਾਰੇ ਸਰਕਾਰੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁੱਲ 43.18 ਲੱਖ ਪਰਿਵਾਰਾਂ ’ਚੋਂ 14.86 ਲੱਖ ਪਰਿਵਾਰ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ, ਨੀਲੇ ਕਾਰਡ ਧਾਰਕ 20.48 ਲੱਖ ਗਰੀਬ ਪਰਿਵਾਰ ਅਤੇ 7.84 ਲੱਖ ਪਰਿਵਾਰ ਹੋਰ ਵਿਭਾਗਾਂ ਨਾਲ ਸਬੰਧਤ ਹਨ। ਜਿਨ੍ਹਾਂ ’ਚੋਂ 5 ਲੱਖ ਕਿਸਾਨ ਪੰਜਾਬ ਮੰਡੀ ਬੋਰਡ, 0.46 ਲੱਖ ਪਰਿਵਾਰ ਆਬਕਾਰੀ ਅਤੇ ਕਰ ਵਿਭਾਗ ਅਤੇ 2.38 ਲੱਖ ਉਸਾਰੀ ਕਿਰਤੀ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਨਾਲ ਰਜਿਸਟਰਡ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 43.18 ਲੱਖ ਪਰਿਵਾਰਾਂ ਲਈ ਪਹਿਲਾਂ ਹੀ ਅੰਕੜੇ ਤਿਆਰ ਕਰ ਲਏ ਹਨ। ਜਿਨ੍ਹਾਂ ਦੀ ਸੂਚੀ ਛੇਤੀ ਹੀ ਆਨਲਾਈਨ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਭਗ 400 ਨਿੱਜੀ ਹਸਪਤਾਲਾਂ ਨੇ ਸੂਚੀਬੱਧ ਹੋਣ ਲਈ ਅਪਲਾਈ ਕੀਤਾ ਸੀ, ਜੋ ਕਿ ਵਿਚਾਰ ਅਧੀਨ ਹਨ। ਇਸ ਸਕੀਮ ਲਈ ਨਿੱਜੀ ਹਸਪਤਾਲਾਂ ਵੱਲੋਂ ਵੀ ਦਿਲਚਸਪੀ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸਈਸੀਸੀ ਦੇ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ ਅਧੀਨ 14.86 ਲੱਖ ਪਰਿਵਾਰਾਂ ਦਾ ਖਰਚਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ 60:40 ਦੇ ਅਨੁਪਾਤ ਨਾਲ ਕੀਤਾ ਜਾਵੇਗਾ ਜਦੋਂਕਿ ਬਾਕੀ ਲਾਭਪਾਤਰੀਆਂ ਦਾ ਮੁਕੰਮਲ ਖਰਚਾ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ। ਹਰੇਕ ਪਰਿਵਾਰ ਨੂੰ ਸਾਲਾਨਾ 5 ਲੱਖ ਰੁਪਏ ਕੈਸ਼ਲੈੱਸ ਸਿਹਤ ਬੀਮਾ ਕਵਰ ਮੁਹੱਈਆ ਕਰਵਾਇਆ ਜਾਵੇਗਾ। ਲਾਭਪਾਤਰੀਆਂ ਦੂਜੇ ਤੇ ਤੀਜੇ ਦਰਜੇ ਦੀਆਂ ਕੈਸ਼ਲੈੱਸ ਸਿਹਤ ਸੇਵਾਵਾਂ ਪੰਜਾਬ ਅਤੇ ਚੰਡੀਗੜ੍ਹ ਦੇ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਤੋਂ ਪ੍ਰਾਪਤ ਕਰ ਸਕਦੇ ਹਨ।
ਸਿਹਤ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਸਤੀਸ਼ ਚੰਦਰਾ ਨੇ ਕਿਹਾ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਲਾਭ ਦੇਣ ਲਈ ਨਿੱਜੀ ਹਸਪਤਾਲਾਂ ਵਿੱਚ 194 ਆਯੂਸ਼ਮਾਨ ਕੇਂਦਰ ਸਥਾਪਿਤ ਕੀਤੇ ਗਏ ਹਨ ਜਦਕਿ ਡਿਪਟੀ ਮੈਡੀਕਲ ਕਮਿਸ਼ਨਰ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਬੀਮਾ ਏਜੰਸੀ ਨੇ ਲਾਭਪਾਤਰੀਆਂ ਨੂੰ ਬੀਮਾ ਕਵਰ ਦੀ ਸਹੂਲਤ ਦੇਣ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਪ੍ਰਾਜੈਕਟ ਦਫ਼ਤਰ ਸਥਾਪਿਤ ਕੀਤੇ ਹਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…