
ਸਰਬੱਤ ਦਾ ਭਲਾ ਟਰੱਸਟ ਨੇ ਮੁਫ਼ਤ ਕੋਵਿਡ ਕੇਅਰ ਸੈਂਟਰ ਨੂੰ ਦਾਨ ਕੀਤਾ ਪੀਪੀਈ ਕਿੱਟਾਂ ਤੇ ਹੋਰ ਸਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਸਮਾਜ ਸੇਵਾ ਦੀ ਲੜੀ ਦੇ ਤਹਿਤ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਗੁਲ੍ਹਾਟੀ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਸੈਕਟਰ-69 ਸਥਿਤ ਕਮਿਊਨਿਟੀ ਸੈਂਟਰ ਵਿਖੇ ਚੱਲ ਰਹੇ ਮੁਫ਼ਤ ਕੋਵਿਡ ਕੇਅਰ ਸੈਂਟਰ ਵਿਖੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਲੋੜੀਂਦਾ ਜ਼ਰੂਰੀ ਸਮਾਨ ਦਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਅੱਜ 50 ਪੀਪੀਈ ਕਿੱਟਾਂ, 2500-ਥ੍ਰੀ ਲੇਅਰ ਮਾਸਕ, ਐਨ-95 ਮਾਸਕ, ਸੈਨੇਟਾਈਜ਼ਰ, ਆਕਸੀਮੀਟਰ, ਟੈਂਪਰੇਚਰ ਥਰਮਾਮੀਟਰ, ਫੇਸ ਸ਼ੀਲਡ ਅਤੇ ਦਵਾਈਆਂ ਦੀਆਂ 100 ਕਿੱਟਾਂ ਮੁਹੱਈਆ ਕੀਤੀਆਂ ਗਈਆਂ ਹਨ। ਟਰੱਸਟ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰੋ. ਤੇਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੰਸਥਾ ਦੇ ਮੈਂਬਰਾਂ ਵੱਲੋਂ ਪਹਿਲਾਂ ਮੁਫ਼ਤ ਕੋਵਿਡ ਕੇਅਰ ਸੈਂਟਰ ਸੈਕਟਰ-69 ਦਾ ਦੌਰਾ ਕੀਤਾ ਗਿਆ ਅਤੇ ਲੋੜ ਅਨੁਸਾਰ ਟਰੱਸਟ ਵੱਲੋਂ ਉਕਤ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਐਨਜੀਓ ਦੇ ਪ੍ਰਬੰਧਕ ਸਵਰਨ ਸਿੰਘ, ਟਰੱਸਟ ਦੇ ਪ੍ਰੈਸ ਸਕੱਤਰ ਪਰਦੀਪ ਸਿੰਘ ਹੈਪੀ, ਸਮਾਜ ਸੇਵੀ ਪਰਦੀਪ ਸਿੰਘ ਭਾਰਜ, ਸਰਬਜੀਤ ਸਿੰਘ ਪਾਰਸ ਵੀ ਹਾਜ਼ਰ ਸਨ।