Nabaz-e-punjab.com

ਜਗਤਾਰ ਸਿੰਘ ਦੇ ਟੱਬਰ ਨੂੰ ਦੋ ਦਹਾਕੇ ਬਾਅਦ ਮਿਲੀ ਬਾਕਰਪੁਰ ਦੀ ਸਰਪੰਚੀ

ਪਿੰਡ ਬਾਕਰਪੁਰ ਵਿੱਚ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕਾਂ ਨੂੰ ਮਿਲੀ ਨੁਮਾਇੰਦਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਬਾਕਰਪੁਰ ਦੇ ਸਰਪੰਚ ਚੁਣੇ ਗਏ ਜਗਤਾਰ ਸਿੰਘ ਦੇ ਟੱਬਰ ਨੂੰ ਦੋ ਦਹਾਕੇ ਬਾਅਦ ਸਰਪੰਚੀ ਮਿਲੀ ਹੈ। ਉਨ੍ਹਾਂ ਨੇ ਜ਼ਿਲ੍ਹਾ ਅਦਾਲਤ ਦੇ ਵਕੀਲ ਕੁਲਦੀਪ ਸਿੰਘ ਨੂੰ 724 ਵੋਟਾਂ ਨਾਲ ਹਰਾਇਆ ਹੈ। ਜਦੋਂਕਿ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਪੰਚ ਸਮਾਜ ਸੇਵੀ ਆਗੂ ਅਜਾਇਬ ਸਿੰਘ ਲਗਾਤਾਰ ਚੌਥੀ ਵਾਰ ਪੰਚ ਬਣੇ ਹਨ। ਉਨ੍ਹਾਂ ਨੇ ਸਾਬਕਾ ਸਰਪੰਚ ਦੇ ਭਤੀਜੇ ਸੁਖਵਿੰਦਰ ਸਿੰਘ ਨੂੰ ਹਰਾਇਆ ਹੈ। ਅਜਾਇਬ ਸਿੰਘ ਸਾਰਾ ਦਿਨ ਲੋਕਾਂ ਦੇ ਕੰਮ ਕਰਵਾਉਣ ਲਈ ਝੋਲਾ ਚੁੱਕ ਕੇ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਪਿੰਡ ਸਮੇਤ ਸਮੁੱਚੇ ਹਲਕੇ ਦੀ ਪਹਿਰੇਦਾਰੀ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਪਤਨੀ ਸਕਿੰਦਰ ਕੌਰ ਨੇ ਬਲਾਕ ਸਮਿਤੀ ਦੇ ਮੈਂਬਰ ਹਨ। ਬਾਕਰਪੁਰ ਦੀ 10 ਮੈਂਬਰੀ ਨਵੀਂ ਪੰਚਾਇਤ ਵਿੱਚ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਨੁਮਾਇੰਦਗੀ ਮਿਲੀ ਹੈ। ਸਰਪੰਚ ਜਨਰਲ ਕੈਟਾਗਰੀ ਨਾਲ ਸਬੰਧਤ ਹਨ ਜਦੋਂਕਿ ਦੋ ਪੰਚ ਅਨੁਸੂਚਿਤ ਜਾਤੀ, ਦੋ ਪੰਚ ਬਾਲਮੀਕ, ਦੋ ਪੰਚ ਸੈਣੀ, 1 ਪੰਚ ਝਿਊਰ, 1 ਜਗੀਰਦਾਰਾਂ ’ਚੋਂ ਅਤੇ 1 ਪੰਚ ਜੱਟਾਂ ’ਚੋਂ ਹੈ। ਜਸਵਿੰਦਰ ਕੌਰ, ਜਰਨੈਲ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ, ਸੁਨੀਤਾ ਰਾਣੀ, ਹਰੀ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ ਸਾਰੇ ਪੰਚ ਹਨ।
ਨਵੇਂ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸੁਖਦਰਸ਼ਨ ਸਿੰਘ ਨੇ 1982 ਤੋਂ ਲੈ ਕੇ 1997 ਤੱਕ ਲਗਾਤਾਰ 20 ਸਾਲ ਪਿੰਡ ਦੀ ਸਰਪੰਚੀ ਕੀਤੀ ਹੈ। ਲੇਕਿਨ ਪਿਛਲੇ 15 ਸਾਲਾਂ ਤੋਂ ਵਿਰੋਧੀ ਧਿਰ ਦੀ ਪੰਚਾਇਤ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਅਕਾਲੀ ਸਰਕਾਰ ਦੌਰਾਨ ਬਾਕਰਪੁਰ ਦਾ ਵਿਕਾਸ ਨਹੀਂ ਹੋਇਆ। ਜਿਸ ਕਾਰਨ ਪਿੰਡ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਲੇਕਿਨ ਹੁਣ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਬਾਕਰਪੁਰ ਨੂੰ ਵਿਕਾਸ ਪੱਖੋਂ ਹਲਕੇ ਵਿੱਚ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੀਂ ਪੰਚਾਇਤ ਵਿੱਚ ਵੱਡੀ ਉਮਰ ਦੇ ਵਿਅਕਤੀਆਂ ਨੂੰ ਮਾਣ ਸਨਮਾਨ ਦੇਣ ਦੇ ਨਾਲ ਨਾਲ ਯੂਥ ਨੂੰ ਵੀ ਨੁਮਾਇੰਦਗੀ ਮਿਲੀ ਹੈ। ਇੱਕ ਨੌਜਵਾਨ ਅਤੇ ਦੋ ਪੰਚ ਅੌਰਤਾਂ ਦੀ ਉਮਰ 29 ਤੋਂ 35 ਸਾਲ ਦੇ ਦਰਮਿਆਨ ਹੈ। ਸਰਪੰਚ ਨੇ ਦੱਸਿਆ ਕਿ ਪੰਚਾਇਤ ਚੋਣਾਂ ਵਿੱਚ ਉਨ੍ਹਾਂ ਦੀ ਟੀਮ ਨੇ ਪੁਰਾਣੇ ਚੋਣ ਨਿਸ਼ਾਨਾਂ ਨੂੰ ਕਿਸਮਤ ਵਾਲੇ ਮੰਨਦਿਆਂ ਉਨ੍ਹਾਂ ’ਤੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…