nabaz-e-punjab.com

ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਗਰਾਮ ਪੰਚਾਇਤ ਪਿੰਡ ਰੁੜਕਾ ਦਾ ਸਰਪੰਚ ਮੁਅੱਤਲ

ਐਸਸੀ ਭਾਈਚਾਰੇ ਦੇ ਮਕਾਨ ਢਾਹੁਣ ਦੇ ਮਾਮਲੇ ਵਿੱਚ ਕੀਤੀ ਗਈ ਇਹ ਕਾਰਵਾਈ

ਸਰਪੰਚ ਨੂੰ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਤੇ ਕਰਵਾਉਣ ਦੇ ਮਾਮਲੇ ਵਿੱਚ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਮੁਹਾਲੀ ਨੇੜਲੇ ਪਿੰਡ ਰੁੜਕਾ ਦੇ ਸਰਪੰਚ ਹਰਜੀਤ ਸਿੰਘ ਨੂੰ ਐਸਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜਗਰੂਪ ਸਿੰਘ ਦਾ ਮਕਾਨ ਧੱਕੇ ਨਾਲ ਢਾਹੁਣ ਦੇ ਮਾਮਲੇ ਵਿੱਚ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (3) ਦੀ ਵਰਤੋਂ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਹੁਕਮਾਂ ਵਿੱਚ ਕਿਹਾ ਗਿਆ ਹੈ ਸਰਪੰਚ ਹਰਜੀਤ ਸਿੰਘ ਨੂੰ 30 ਜਨਵਰੀ 2023 ਨੂੰ ਸਪੱਸ਼ਟੀ ਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦੇ ਜਵਾਬ ਵਿੱਚ ਹਰਜੀਤ ਸਿੰਘ ਵੱਲੋਂ ਦੋਸ਼ਾਂ ਨੂੰ ਨਕਾਰਦੇ ਹੋਏ ਨੋਟਿਸ ਨੂੰ ਦਾਖ਼ਲ ਦਫ਼ਤਰ ਕਰਨ ਲਈ ਕਿਹਾ ਗਿਆ ਸੀ। ਪਰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਰਪੰਚ ਹਰਜੀਤ ਸਿੰਘ ਨੂੰ ਜਗਰੂਪ ਸਿੰਘ ਦਾ ਮਕਾਨ ਢਾਹੁਣ ਲਈ ਦੋਸ਼ੀ ਮੰਨਦੇ ਹੋਏ ਕਿਹਾ ਗਿਆ ਹੈ ਕਿ ਇਹ ਕਾਰਵਾਈ ਸਰਪੰਚ ਹਰਜੀਤ ਸਿੰਘ ਵੱਲੋਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕੀਤੀ ਗਈ ਹੈ। ਜਿਸ ਕਾਰਨ ਉਸਦਾ ਅਹੁਦੇ ਤੇ ਬਣਿਆ ਰਹਿਣਾ ਲੋਕ ਹਿੱਤ ਵਿੱਚ ਨਹੀਂ ਹੈ।
ਇਸ ਤੋਂ ਇਲਾਵਾ ਸਰਪੰਚ ਹਰਜੀਤ ਸਿੰਘ ਉੱਤੇ ਜਗਰੂਪ ਸਿੰਘ ਅਤੇ ਹਰਬੰਸ ਸਿੰਘ ਦੇ ਪਰਿਵਾਰ ਤੇ ਹਮਲਾ ਕਰਨ ਕਾਰਨ ਆਈਪੀਸੀ ਦੀਆਂ ਧਾਰਾਵਾਂ 323, 324, 341, 506, 148, 149, 3ਐਸ ਐਕਟ 1989 (ਐਸਸੀ/ਐਸਟੀ) ਤਹਿਤ ਮੁਕੱਦਮਾ ਨੰਬਰ 195, 2022 ਵੀ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਦਸੰਬਰ 2021 ਦੇ ਵਿੱਚ ਸਰਪੰਚ ਹਰਜੀਤ ਸਿੰਘ ਵੱਲੋਂ ਪਿੰਡ ਰੁੜਕਾ ਦੇ ਐਸਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜਗਰੂਪ ਸਿੰਘ ਦਾ ਮਕਾਨ ਪਿੰਡ ਰੁੜਕਾ ਦੇ ਖ਼ਸਰਾ ਨੰ. 57/1 ’ਚੋਂ ਨਾਜਾਇਜ਼ ਕਬਜ਼ਾ ਕਹਿ ਕੇ ਧੱਕੇ ਨਾਲ ਅੱਧੀ ਰਾਤ ਨੂੰ ਢਾਹ ਦਿੱਤਾ ਗਿਆ ਸੀ। ਜਿਸ ਦੀ ਪੁਲੀਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਫਿਰ ਇਸ ਦੀ ਸ਼ਿਕਾਇਤ ਜਗਰੂਪ ਸਿੰਘ ਅਤੇ ਹਰਬੰਸ ਸਿੰਘ ਵੱਲੋਂ ਐਸਸੀ ਕਮਿਸ਼ਨ ਪੰਜਾਬ ਕੋਲ ਕੀਤੀ ਗਈ। ਕਮਿਸ਼ਨ ਵੱਲੋਂ ਡੀਡੀਪੀਓ ਨੂੰ ਇਸ ਸਬੰਧੀ ਜਾਂਚ ਕਰਨ ਲਈ ਕਿਹਾ ਗਿਆ ਸੀ। ਜਿਸ ਦੀ ਰਿਪੋਰਟ ਡੀਡੀਪੀਓ ਵੱਲੋਂ 4 ਜਨਵਰੀ 2023 ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਭੇਜੀ ਗਈ। ਰਿਪੋਰਟ ਵਿੱਚ ਸਰਪੰਚ ਹਰਜੀਤ ਸਿੰਘ ਨੂੰ ਕਸੂਰਵਾਰ ਮੰਨਦੇ ਹੋਏ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਸ ਕੀਤੀ ਗਈ ਸੀ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…