nabaz-e-punjab.com

ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਪਿੰਡ ਕੁਰੜਾ ਦਾ ਸਰਪੰਚ ਮੁਅੱਤਲ

ਸਰਕਾਰੀ ਮੁਲਾਜ਼ਮ ਨਾਲ ਬਦਸਲੂਕੀ ਕਰਨ ’ਤੇ ਸੋਹਾਣਾ ਥਾਣੇ ਵਿੱਚ ਵੱਖਰਾ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਪੰਜਾਬ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਜ਼ਦੀਕੀ ਪਿੰਡ ਕੁਰੜਾ ਦੇ ਸਰਪੰਚ ਦਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਉਸ ’ਤੇ ਨਾਜਾਇਜ਼ ਮਾਈਨਿੰਗ ਕਰਨ ਦਾ ਦੋਸ਼ ਹੈ। ਸਰਪੰਚ ਨੂੰ ਪੰਚਾਇਤੀ ਜ਼ਮੀਨ ’ਚੋਂ ਚੁੱਕੀ ਮਿੱਟੀ ਨੂੰ ਖੁਰਦ-ਬੁਰਦ ਕਰਕੇ ਗਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਨਿਯਮਾਂ ਨੂੰ ਛਿੱਕੇ ’ਤੇ ਟੰਗਣ ਦਾ ਦਾ ਦੋਸ਼ੀ ਪਾਇਆ ਗਿਆ ਹੈ। ਸਰਪੰਚ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਤਖਮੀਨਾ ਨਹੀਂ ਬਣਾਇਆ ਅਤੇ ਨਾ ਹੀ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਮਿਣਤੀ ਕਰਵਾਈ ਗਈ। ਇਸ ਤਰ੍ਹਾਂ ਉਸ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਦੋਸ਼ ਹੇਠ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਨੂੰ ਅਹੁਦੇ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ। ਇਹ ਕਾਰਵਾਈ ਮੁਖ਼ਤਿਆਰ ਸਿੰਘ, ਸਵਰਨਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਦੀ ਸਾਂਝੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਪਿੰਡ ਵਾਸੀਆਂ ਨੇ 7 ਦਸੰਬਰ 2022 ਨੂੰ ਡੀਡੀਪੀਓ ਨੂੰ ਸ਼ਿਕਾਇਤ ਦੇ ਕੇ ਸਰਪੰਚ ਵੱਲੋਂ ਪਿੰਡ ਕੁਰੜਾ ਦੀ ਪੰਚਾਇਤੀ ਜ਼ਮੀਨ ’ਚੋਂ ਚੁੱਕੀ ਗਈ ਮਿੱਟੀ ਨੂੰ ਖ਼ੁਰਦ-ਬੁਰਦ ਕਰਕੇ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਸੀ। ਇੰਜ ਉਕਤ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ। ਇਸ ਸਬੰਧੀ ਬੀਤੀ 25 ਜਨਵਰੀ ਨੂੰ ਸਰਪੰਚ ਨੂੰ ਪੰਜਾਬ ਰਾਜ ਪੰਚਾਇਤੀ ਐਕਟ 1994 ਅਧੀਨ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ। ਸਰਪੰਚ ਨੇ ਨੋਟਿਸ ਦਾ ਜਵਾਬ ਭੇਜਦਿਆਂ ਉਸ ਵਿਰੁੱਧ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸ਼ਿਕਾਇਤ ਦਫ਼ਤਰ ਦਾਖ਼ਲ ਕਰਨ ਦੀ ਅਪੀਲ ਕੀਤੀ ਗਈ। ਸਰਪੰਚ ਦੀ ਦਲੀਲ ਨੂੰ ਵਾਚਣ ਮਗਰੋਂ ਉਸ ਨੂੰ 10 ਅਪਰੈਲ ਨੂੰ ਨਿੱਜੀ ਸੁਣਵਾਈ ਲਈ ਸੱਦਿਆ ਗਿਆ।
ਸੁਣਵਾਈ ਦੌਰਾਨ ਸ਼ਿਕਾਇਤਕਰਤਾ ਧਿਰ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਮੁਤਾਬਕ ਡੀਡੀਪੀਓ ਮੁਹਾਲੀ ਵੱਲੋਂ ਬੀਡੀਪੀਓ ਰਾਹੀਂ ਸੋਹਾਣਾ ਥਾਣੇ ਨੂੰ ਰਿਪੋਰਟ ਭੇਜ ਕੇ ਪੰਚਾਇਤ ਅਫ਼ਸਰ ਵੱਲੋਂ ਕੀਤੇ ਜਾ ਰਹੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਸਰਕਾਰੀ ਅਧਿਕਾਰੀ ਨੂੰ ਧਮਕੀਆਂ ਦੇਣ ਅਤੇ ਸਰਕਾਰੀ ਮੁਲਾਜ਼ਮ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਗਿਆ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਧਿਰ ਦੇ ਵਕੀਲ ਨੇ ਮਿੱਟੀ ਪੁੱਟਣ ਸਬੰਧੀ ਕੁੱਝ ਫੋਟੋਆਂ ਵੀ ਸਬੂਤ ਵਜੋਂ ਪੇਸ਼ ਕੀਤੀਆਂ ਗਈਆਂ। ਪਿੰਡ ਦੇ ਕੁਝ ਵਸਨੀਕਾਂ ਦੇ ਸਵੈ-ਘੋਸ਼ਣਾ ਪੱਤਰ ਵੀ ਪੇਸ਼ ਕੀਤੇ ਗਏ। ਜਿਸ ਅਨੁਸਾਰ ਸੜਕ ਦੀਆਂ ਬਰਮਾਂ ’ਤੇ ਪੰਚਾਇਤ ਨੇ ਜੋ ਮਿੱਟੀ ਪਾਈ ਸੀ, ਉਹ ਉਨ੍ਹਾਂ ਦੇ ਖੇਤ ’ਚੋਂ ਚੁੱਕ ਕੇ ਪਾਈ ਗਈ ਸੀ। ਇਸ ਤੋਂ ਇਲਾਵਾ ਸਰਪੰਚ ਖ਼ਿਲਾਫ਼ ਬਲਾਕ ਦਫ਼ਤਰ ਦੇ ਕਰਮਚਾਰੀ ਪੰਚਾਇਤ ਅਫ਼ਸਰ ਨਾਲ ਬਦ-ਸਲੂਕੀ ਕਰਨ ’ਤੇ ਥਾਣਾ ਸੋਹਾਣਾ ਵਿੱਚ ਪਰਚਾ ਦਰਜ ਕੀਤਾ ਗਿਆ ਹੈ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…