nabaz-e-punjab.com

ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਪੱਕੇ ਹੋਣ ਲਈ ਕਾਂਗਰਸੀ ਆਗੂਆਂ ਦਾ ਖੜਕਾਉਣਗੇ ਬੂਹਾ

ਦਫ਼ਤਰੀ ਮੁਲਾਜ਼ਮ ਮੁੱਖ ਮੰਤਰੀ ਦੀ ਤਰਜ਼ ’ਤੇ ਸੋਸ਼ਲ ਮੀਡੀਆ ’ਤੇ ਸ਼ੁਰੂ ਕਰਨਗੇ ਮੁਹਿੰਮ

24 ਤੋਂ 31 ਅਗਸਤ ਤੱਕ ਕਾਂਗਰਸੀ ਆਗੂਆਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਨੇ ਇਨਸਾਫ਼ ਪ੍ਰਾਪਤੀ ਲਈ ਹੁਣ ਹੁਕਮਰਾਨ ਪਾਰਟੀ ਦੇ ਆਗੂਆਂ ਦੇ ਬੂਹੇ ਖੜਕਾਉਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਦਫ਼ਤਰੀ ਮੁਲਾਜ਼ਮ 24 ਅਗਸਤ ਤੋਂ 31 ਅਗਸਤ ਤੱਕ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤਾਂ ਕਰਨਗੇ ਅਤੇ ਉਨ੍ਹਾਂ ਨੂੰ ਚੋਣ ਵਾਅਦੇ ਅਨੁਸਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੁਹਾਰ ਲਗਾਉਣਗੇ। ਇਸ ਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੇ ਇਸ ਵਿਲੱਖਣ ਕਿਸਮ ਦੇ ਸੰਘਰਸ਼ ਦਾ ਹਿੱਸਾ ਬਣਾਉਣਗੇ। ਜਿਸ ਦੇ ਤਹਿਤ ਸਬੰਧਤ ਹਲਕਿਆਂ ਦੇ ਕਾਂਗਰਸੀ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਘੇਰ ਕੇ ਲੋਕਾਂ ਰਾਹੀਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਦਬਾਅ ਪਾਉਣਗੇ ਅਤੇ ਸਿੱਖਿਆ ਮੰਤਰੀ ਨੂੰ ਇਹ ਸਵਾਲ ਪੁੱਛਣਗੇ ਕਿ ਜੇ ਸਾਲ 2018 ਵਿੱਚ 8886 ਅਧਿਆਪਕ ਪੱਕੇ ਕੀਤੇ ਜਾ ਸਕਦੇ ਹਨ ਤਾਂ 2 ਸਾਲ ਬਾਅਦ ਵੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਿਉਂ ਨਹੀਂ ਕੀਤਾ ਗਿਆ। ਸਿੱਖਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵੋਟਾਂ ਦੌਰਾਨ ਅਕਸਰ ਲੋਕਲ ਆਗੂਆਂ ਨੇ ਹੀ ਵੋਟਾਂ ਮੰਗਣ ਘਰ-ਘਰ ਜਾਂਦੇ ਹਨ। ਇਸ ਦੌਰਾਨ ਵੋਟਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਰੂਰ ਜ਼ਿਕਰ ਕਰਨ।
ਸਰਵ ਸਿੱਖਿਆ ਅਭਿਆਨ/ ਮਿਡ ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਵਿਕਾਸ ਕੁਮਾਰ ਅਸੀਸ ਜੁਲਹਾ ਰਜਿੰਦਰ ਸਿੰਘ ਸੰਧਾ, ਪ੍ਰਵੀਨ ਸ਼ਰਮਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਸਰਬਜੀਤ ਸਿੰਘ ਨੇ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ 8886 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਸੀ ਤਾਂ ਉਸ ਸਮੇਂ ਦੇ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਵਾਰ ਵਾਰ ਇਹ ਭਰੋਸਾ ਦਿੱਤਾ ਗਿਆ ਸੀ ਕਿ ਛੇਤੀ ਹੀ ਦਫ਼ਤਰੀ ਕਰਮਚਾਰੀਆਂ ਨੂੰ ਵੀ ਪੱਕਾ ਕੀਤਾ ਜਾਵੇਗਾ ਪਰ ਉਸ ਮਗਰੋਂ ਵਿਜੈ ਇੰਦਰ ਸਿੰਗਲਾ ਨੂੰ ਸਿੱਖਿਆ ਵਿਭਾਗ ਦੇ ਦਿੱਤਾ ਗਿਆ। ਸਿੰਗਲਾ ਨੇ ਮਹਿਕਮਾ ਸੰਭਾਲਣ ਤੋਂ ਬਾਅਦ ਮੁਲਾਜ਼ਮਾਂ ਨੂੰ ਕਈ ਵਾਰ ਭਰੋਸੇ ਦਿੱਤੇ ਗਏ ਹਨ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਤਕਰੀਬਨ 100 ਕਰੋੜ ਰੁਪਏ ਦੀ ਬੱਚਤ ਹੋਵੇਗੀ। ਜਿਸ ਦੀ ਪ੍ਰਵਾਨਗੀ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿੱਚ ਦੇ ਦਿੱਤੀ ਗਈ ਹੈ ਪ੍ਰੰਤੂ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਮੁਲਾਜ਼ਮਾਂ ਨੂੰ ਇਨਸਾਫ਼ ਲਈ ਸੜਕਾਂ ’ਤੇ ਆਉਣਾ ਪਿਆ ਹੈ ਅਤੇ ਹੁਕਮਰਾਨ ਕੈਬਨਿਟ ਸਬ ਕਮੇਟੀਆਂ ਬਣਾ ਕੇ ਡੰਗ ਟਪਾ ਰਹੇ ਹਨ। ਸਾਢੇ ਤਿੰਨ ਸਾਲਾਂ ਦੇ ਸ਼ਾਸ਼ਨ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹੁਣ ਤੱਕ 5 ਵਾਰ ਕੈਬਨਿਟ ਸਬ ਕਮੇਟੀ ਵਿੱਚ ਫੇਰਬਦਲ ਹੋ ਚੁੱਕੇ ਹਨ ਪ੍ਰੰਤੂ ਹੁਣ ਤੱਕ ਗੱਲ ਕਿਸੇ ਕੰਢੇ ਨਹੀਂ ਲੱਗੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…