
ਸਤਿਨਾਮ ਸਰਬ ਕਲਿਆਣ ਟਰੱਸਟ ਵੱਲੋਂ ਲੋੜਵੰਦ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਸਤਿਨਾਮ ਸਰਬ ਕਲਿਆਣ ਟਰੱਸਟ ਮੁਹਾਲੀ ਵੱਲੋਂ ਹਰ ਸਾਲ ਵਾਂਗ ਇਸ ਵਿੱਦਿਅਕ ਸੈਸ਼ਨ ਲਈ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਆਰਥਿਕ ਤੌਰ ’ਤੇ ਪਛੜੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਾਲਾਨਾ 15 ਹਜ਼ਾਰ ਰੁਪਏ ਤੋਂ 40 ਹਜ਼ਾਰ ਰੁਪਏ ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਹ ਵਜ਼ੀਫ਼ਾ ਵਿਦਿਆਰਥੀਆਂ ਨੂੰ ਹਰ ਸਾਲ ਪੂਰੇ ਕੋਰਸ ਦੌਰਾਨ ਦਿੱਤਾ ਜਾਵੇਗਾ। ਇਹ ਸਕਾਲਰਸ਼ਿਪ ਪ੍ਰੋਫੈਸ਼ਨਲ ਕੋਰਸਾਂ ਜਿਵੇਂ ਬੀਟੈਕ, ਐਮਟੈਕ, ਬੀਸੀਏ/ਐਸਸੀਏ, ਬੀਬੀਏ/ਐਮਬੀਏ, ਐਲਐਲਬੀ, ਐਲਐਲਐਮ, ਬੀਐਸਸੀ (ਆਈਟੀ)/ਐਮਐਸਸੀ (ਆਈਟੀ), ਬੀਐਸਸੀ ਹੋਟਲ ਮੈਨੇਜਮੈਂਟ, ਬੀਐਸਸੀ ਨਰਸਿੰਗ, ਬੀ ਫਾਰਮੇਸੀ/ਐਮ ਫਾਰਮੇਸੀ, ਬੀਡੀਐਸ, ਐਮਬੀਬੀਐਸ, ਬੀਏਐਮਐਸ, ਬੀਐਚਐਮਐਸ ਅਤੇ ਹੋਰ ਪ੍ਰੋਫੈਸ਼ਨਲ ਕੋਰਸ ਜੋ ਟਰੱਸਟ ਵੱਲੋਂ ਪ੍ਰਵਾਨ ਕੀਤੇ ਗਏ ਹਨ ਲਈ ਦਿੱਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਲਈ ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਵਿਦਿਆਰਥੀ ਵੱਲੋਂ ਪਾਸ ਕੀਤੀ ਪ੍ਰੀਖਿਆ ਵਿੱਚ 75 ਫੀਸਦੀ ਨੰਬਰ ਹੋਣੇ ਲਾਜ਼ਮੀ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅੰਤਿਮ ਚੋਣ ਤੋਂ ਪਹਿਲਾਂ ਗੁਰਮਤਿ ਦਾ ਟੈੱਸਟ ਪਾਸ ਕਰਨਾ ਹੋਵੇਗਾ ਜੋ ਟਰੱਸਟ ਵੱਲੋਂ ਛਾਪੀ ਗੁਰਮਤਿ ਦੀ 9ਵੀਂ ਅਤੇ ਦਸਵੀਂ ਦੀ ਕਿਤਾਬ ’ਚੋਂ ਹੋਵੇਗਾ। ਬਿਨੈ ਪੱਤਰ ਭੇਜਣ ਲਈ ਅੰਤਿਮ ਮਿਤੀ 30 ਸਤੰਬਰ ਨਿਰਧਾਰਿਤ ਕੀਤੀ ਗਈ ਹੈ। ਜੋ ਟਰੱਸਟ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ www.satnamsarabkalyantrust.org ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।