ਬੇਟੀ ਬਚਾਓ-ਬੇਟੀ ਪੜ੍ਹਾਓ: ਆਂਗਨਵਾੜੀ ਸੈਂਟਰ ਲਾਂਡਰਾਂ ਵਿਖੇ ਨਵਜੰਮੀਆਂ ਧੀਆਂ ਤੇ ਮਾਵਾਂ ਦਾ ਸਨਮਾਨ
ਨਬਜ਼-ਏ-ਪੰਜਾਬ, ਮੁਹਾਲੀ, 16 ਜਨਵਰੀ:
ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਖਰੜ-2 ਵੱਲੋਂ ਸੀਡੀਪੀਓ ਸ੍ਰੀਮਤੀ ਗੁਰਸਿਮਰਨ ਕੌਰ ਦੀ ਅਗਵਾਈ ਹੇਠ ਆਂਗਨਵਾੜੀ ਸੈਂਟਰ ਲਾਂਡਰਾਂ ਵਿਖੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਬਲਾਕ ਪੱਧਰੀ ‘ਧੀਆਂ ਦੀ ਲੋਹੜੀ’ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਲਾਂਡਰਾਂ ਸਰਕਲ ਦੀਆਂ ਆਂਗਨਵਾੜੀਆਂ ’ਚੋਂ 15 ਨਵਜੰਮੀਆਂ ਧੀਆਂ ਅਤੇ ਮਾਵਾਂ ਨੂੰ ‘ਬੇਬੀ ਕਿੱਟਾਂ’ ਅਤੇ ਗਰਮ ਕੰਬਲ ਦੇ ਕੇ ਸਨਮਾਨਿਤ ਕੀਤਾ ਗਿਆ।
ਸੀਡੀਪੀਓ ਸ੍ਰੀਮਤੀ ਗੁਰਸਿਮਰਨ ਕੌਰ ਨੇ ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਜ਼ਮਾਨੇ ਵਿੱਚ ਲੜਕੀ ਅਤੇ ਲੜਕੇ ਵਿੱਚ ਕੋਈ ਫ਼ਰਕ ਨਹੀਂ ਰਿਹਾ ਅਤੇ ਉਹ ਧੀਆਂ ਨੂੰ ਆਪਣੇ ’ਤੇ ਬੋਝ ਨਾ ਸਮਝਣਾ। ਉਨ੍ਹਾਂ ਕਿਹਾ ਕਿ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਨਾਅਰੇ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਲਿੰਗ ਅਨੁਪਾਤ ਵਿੱਚ ਵਧੇਰੇ ਸੁਧਾਰ ਆਇਆ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਉੱਚੀਆਂ ਪੁਲਾਂਘਾਂ ਪੁੱਟਣ ਲਈ ਪੂਰਾ ਸਹਿਯੋਗ ਦੇਣ। ਸਮਾਗਮ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਮਾਵਾਂ ਨੇ ਲੋਹੜੀ ਬਾਲ ਕੇ ਗਿੱਧਾ ਅਤੇ ਭੰਗੜਾ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।
ਇਸ ਮੌਕੇ ਸਰਕਲ ਸੁਪਰਵਾਈਜ਼ਰ ਮਨਪ੍ਰੀਤ ਕੌਰ ਅਤੇ ਲਾਂਡਰਾਂ ਸਰਕਲ ਦੇ ਸਮੂਹ ਆਂਗਨਵਾੜੀ ਵਰਕਰ ਹਾਜ਼ਰ ਸਨ ।