ਬੇਟੀ ਬਚਾਓ-ਬੇਟੀ ਪੜ੍ਹਾਓ: ਮੁਹਾਲੀ ਪ੍ਰਸ਼ਾਸਨ ਨੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
ਆਂਗਨਵਾੜੀਆਂ ਦੀਆਂ 51 ਧੀਆਂ ਤੇ ਜੋਤੀ ਸਰੂਪ ਕੰਨਿਆ ਆਸ਼ਰਮ ਦੀਆਂ 31 ਧੀਆਂ ਨੂੰ ਦਿੱਤੇ ਤੋਹਫ਼ੇ
ਏਡੀਸੀ ਸੋਨਮ ਚੌਧਰੀ ਤੇ ਸਹਾਇਕ ਕਮਿਸ਼ਨਰ ਡਾ. ਅੰਕਿਤਾ ਕਾਂਸਲ ਨੇ ਗਿੱਧੇ ਵਿੱਚ ਸ਼ਾਮਲ ਹੋ ਕੇ ਮਨਾਈ ਖ਼ੁਸ਼ੀ
ਨਬਜ਼-ਏ-ਪੰਜਾਬ, ਮੁਹਾਲੀ, 13 ਜਨਵਰੀ:
ਮੁਹਾਲੀ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿਹੜੇ ਵਿੱਚ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ
ਨੇ ਆਂਗਨਵਾੜੀਆਂ ਦੀਆਂ 51 ਬੱਚੀਆਂ ਨੂੰ ਗਰਮ ਕੰਬਲ, ਬੇਬੀ ਕਿੱਟਾਂ ਅਤੇ ਜਯੋਤੀ ਸਰੂਪ ਕੰਨਿਆ ਆਸ਼ਰਮ ਖਰੜ ਦੀਆਂ 31 ਧੀਆਂ ਨੂੰ ਟਰੈਕ ਸੂਟ ਅਤੇ ਰਿਉੜੀਆਂ, ਮੰੂਗਫਲੀਆਂ, ਖਿੱਲਾਂ ਦੇ ਪੈਕਟ ਵੰਡੇ।
ਸ੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਕਰਵਾਏ ਗਏ ਇਸ ਸਮਾਗਮ ਦਾ ਉਦੇਸ਼ ਸਮਾਜ ਵਿੱਚ ਧੀਆਂ ਅਤੇ ਪੁੱਤਾਂ ਦੀ ਬਰਾਬਰੀ ਦਾ ਸੰਦੇਸ਼ ਦੇਣਾ ਹੈ। ਕਦੇ ਸਮਾਂ ਹੁੰਦਾ ਸੀ, ਘਰ ਵਿੱਚ ਖੇਤੀਬਾੜੀ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਮਾਨਵੀ ਸ਼ਕਤੀ ਦੀ ਲੋੜ ਲਈ ਲੋਕਾਂ ਦੀ ਇੱਛਾ ਪੁੱਤਾਂ ਦੀ ਹੁੰਦੀ ਸੀ ਪਰ ਅੱਜ ਸਮਾਂ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਵੱਖ-ਵੱਖ ਖੇਤਰਾਂ ਅੱਜ ਸਮਾਜ ਵਿੱਚ ਧੀਆਂ ਵੀ ਪੁੱਤਾਂ ਨਾਲੋਂ ਵੱਧ ਮੱਲ੍ਹਾਂ ਮਾਰ ਰਹੀਆਂ ਹਨ।
ਇਸ ਮੌਕੇ ਦੁੱਲੇ ਭੱਟੀ ਦੀ ਗਾਥਾ ’ਤੇ ਬੋਲੀਆਂ ਪਾਈਆਂ ਉਪਰੰਤ ਧੀਆਂ ਦੀ ਸਲਾਮਤੀ ਲਈ ਪੰਜਾਬੀ ਲੋਕ ਗੀਤਾਂ ਦਾ ਸ਼ਿੰਗਾਰ ਬੋਲੀਆਂ ’ਤੇ ਗਿੱਧਾ ਤੇ ਭੰਗੜਾ ਖਿੱਚ ਦਾ ਕੇਂਦਰ ਬਣਿਆ। ਏਡੀਸੀ ਸੋਨਮ ਚੌਧਰੀ ਅਤੇ ਸਹਾਇਕ ਕਮਿਸ਼ਨਰ ਡਾ. ਅੰਕਿਤਾ ਬਾਂਸਲ ਨੇ ਲੋਕ ਬੋਲੀਆਂ ’ਤੇ ਸਟਾਫ਼ ਨਾਲ ਗਿੱਧਾ ਪਾਇਆ ਅਤੇ ਧੀਆਂ ਦੀ ਲੋਹੜੀ ਨੂੰ ਯਾਦਗਾਰ ਬਣਾਇਆ।
ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਡਾ. ਅਮਨ ਚਾਵਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਪ੍ਰੋ. ਗੁਰਬਖ਼ਸ਼ੀਸ ਸਿੰਘ ਅੰਟਾਲ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ, ਸੀਡੀਪੀਓ ਗੁਰਸਿਮਰਨ ਕੌਰ, ਸੁਖਮਨੀਤ ਕੌਰ ਅਤੇ ਸੁਮਨ ਬਾਲਾ, ਜ਼ਿਲ੍ਹਾ ਕੋਆਰਡੀਨੇਟਰ ਹਰਦੀਪਮ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।